ਖੇਤਰੀ ਪ੍ਰਤੀਨਿਧ
ਬਟਾਲਾ, 17 ਅਗਸਤ
ਇਲਾਕੇ ਵਿੱਚ ਧਾਰਮਿਕ ਸਥਾਨਾਂ ਤੋਂ ਗੋਲਕਾਂ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ। ਨੇੜਲੇ ਪਿੰਡਾਂ ਢਡਿਆਲਾ ਨਜ਼ਾਰਾ, ਮੰਨਣ, ਰਧਾਨ, ਕੁੱਤਿਆਂਵਾਲੀ (ਰਾਮਪੁਰ) ਦੇ ਗੁਰਦੁਆਰਿਆਂ ਵਿੱਚੋਂ ਚੋਰ ਗਰੋਹ ਨੇ ਗੋਲਕਾਂ ਚੋਰੀ ਕਰ ਲਈਆਂ। ਪਿੰਡ ਢਡਿਆਲਾ ਨਜ਼ਾਰਾ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੇ ਗ੍ਰੰਥੀ ਹਰਦੇਵ ਸਿੰਘ, ਪ੍ਰਧਾਨ ਹੀਰਾ ਸਿੰਘ ਫੌਜੀ ਪੱਤੀ ਰਾਮਪੁਰ ਨੇ ਦੱਸਿਆ ਕਿ ਅੱਜ ਤੜਕੇ ਗੁਰਦੁਆਰੇ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਗੋਲਕਾਂ ਗਾਇਬ ਸਨ। ਇਸੇ ਤਰ੍ਹਾਂ ਪਿੰਡ ਰਧਾਨ ਦੇ ਸਰਪੰਚ ਗੁਰਦੀਪ ਸਿੰਘ ਬਾਜਵਾ ਅਤੇ ਗ੍ਰੰਥੀ ਸਿੰਘ ਬਾਬਾ ਬੁੱਧ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਮੁਤਾਬਿਕ ਰਾਤ ਸਮੇਂ ਪਿੰਡ ਵਿੱਚ ਦੋ ਨੌਜਵਾਨ ਦਾਖ਼ਲ ਹੁੰਦੇ ਹਨ ਪਰ ਗੁਰਦੁਆਰੇ ਅੰਦਰ ਇੱਕ ਨੌਜਵਾਨ ਹੀ ਦਾਖਲ ਹੁੰਦਾ ਹੈ ਜੋ ਦਰਵਾਜ਼ੇ ਦਾ ਤਾਲਾ ਤੋੜ ਕੇ ਗੁਰਦੁਆਰੇ ਵਿੱਚੋਂ ਕੂਲਰ ਅਤੇ ਗੋਲਕ ਚੁੱਕ ਕੇ ਫ਼ਰਾਰ ਹੋ ਗਿਆ। ਰੰਗੜ ਨੰਗਲ ਦੀ ਪੁਲੀਸ ਅਨੁਸਾਰ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।