ਪੱਤਰ ਪ੍ਰੇਰਕ
ਤਰਨ ਤਾਰਨ, 18 ਨਵੰਬਰ
ਪੱਟੀ ਵਿੱਚ ਬੁੱਧਵਾਰ ਨੂੰ ਗੋਲੀਆਂ ਮਾਰ ਕੇ ਦੋ ਜਣਿਆਂ ਦੀ ਕੀਤੀ ਹੱਤਿਆ ਦੇ ਦੋ ਮੁਲਜ਼ਮਾਂ ਨੂੰ ਅੱਜ ਪੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ| ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੀਆਂ ਦੋ ਧਿਰਾਂ ਦਰਮਿਆਨ ਪੈਸੇ ਦੇ ਲੈਣ ਦੇਣ ਤੋਂ ਚੱਲੀ ਗੋਲੀ ਦੀ ਇਸ ਵਾਰਦਾਤ ਵਿੱਚ ਪੱਟੀ ਵਾਸੀ ਜਗਦੀਪ ਸਿੰਘ ਮੰਨਾ ਅਤੇ ਬੁਰਜ-ਰਾ-ਕੇ ਪਿੰਡ ਦੇ ਵਾਸੀ ਅਨਮੋਲ ਸਿੰਘ ਮੌਲਾ ਦੀ ਮੌਤ ਹੋ ਗਈ ਸੀ ਜਦਕਿ ਪ੍ਰਿੰਗੜੀ ਪਿੰਡ ਦਾ ਵਾਸੀ ਗੁਰਸੇਵਕ ਸਿੰਘ ਜ਼ਖ਼ਮੀ ਹੋ ਗਿਆ ਸੀ| ਪੁਲੀਸ ਨੇ ਇਸ ਮਾਮਲੇ ਦੇ ਦੋ ਮੁਲਜ਼ਮਾਂ ਲਖਬੀਰ ਸਿੰਘ ਅਤੇ ਵਿਨੋਦ ਕੁਮਾਰ ਵਾਸੀ ਪੱਟੀ ਨੂੰ ਦੋ ਰਿਵਾਲਵਰਾਂ ਸਮੇਤ ਕੱਲ੍ਹ ਹੀ ਕਾਬੂ ਕਰ ਲਿਆ ਸੀ| ਮੁਲਜ਼ਮਾਂ ਵਿਰੁੱਧ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਧਾਰਾ 302, 307 , ਅਸਲਾ ਐਕਟ 25, 27, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ| ਪੁਲੀਸ ਨੇ ਲਖਬੀਰ ਸਿੰਘ ਕੋਲੋਂ ਉਸ ਦਾ ਲਾਇਸੈਂਸੀ ਰਿਵਾਲਵਰ ਅਤੇ ਵਿਨੋਦ ਕੁਮਾਰ ਕੋਲੋਂ ਮ੍ਰਿਤਕਾਂ ਦਾ ਡਿੱਗਾ ਹੋਇਆ ਰਿਵਾਲਵਰ ਬਰਾਮਦ ਕੀਤਾ ਹੈ|