ਗੁਰਬਖਸ਼ਪੁਰੀ
ਤਰਨ ਤਾਰਨ, 19 ਨਵੰਬਰ
ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੂਰਾ ਨੇ ਨਵੀਆਂ ਆਰਥਿਕ ਨੀਤੀਆਂ ਕਰਕੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਟਾਕਰਾ ਕਰਨ ਲਈ ਮਜ਼ਦੂਰ ਵਰਗਾਂ ਨੂੰ ਜਥੇਬੰਦ ਹੋਣ ਦਾ ਹੋਕਾ ਦਿੱਤਾ ਹੈ| ਕਾਮਰੇਡ ਬਖਤਪੂਰਾ ਨੇ ਇਥੋਂ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪੱਧਰੀ ਡੈਲੀਗੇਟ ਅਜਲਾਸ ਨੂੰ ਸੰਬੋਧਨ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੀਆਂ ਆਰਥਿਕ ਨੀਤੀਆਂ ਕਰਕੇ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਮਜ਼ਦੂਰਾਂ ਦੇ ਕੰਮ ਦੇ ਘੰਟਿਆਂ ਵਿੱਚ ਵਾਧਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੀਆਂ ਉਜਰਤਾਂ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਮਜ਼ਦੂਰਾਂ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ| ਉਨ੍ਹਾਂ ਕਿਹਾ ਕਿ ਇਸ ਨਾਲ ਮਜ਼ਦੂਰ ਵਰਗਾਂ ਨੂੰ ਸਰਕਾਰਾਂ ਨੇ ਮਹਿੰਗਾਈ, ਬੇਰੁਜ਼ਗਾਰੀ ਆਦਿ ਅਲਾਮਤਾਂ ਦਿੱਤੀਆਂ ਹਨ| ਅਜਲਾਸ ਵਿੱਚ ਜਥੇਬੰਦੀ ਦੀ 21-ਮੈਂਬਰੀ ਜਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਲਵਿੰਦਰ ਸਿੰਘ ਗੋਹਲਵੜ੍ਹ ਨੂੰ ਪ੍ਰਧਾਨ, ਪ੍ਰੇਮ ਸਿੰਘ ਨੂੰ ਜਨਰਲ ਸਕੱਤਰ, ਤਰਨਜੀਤ ਸਿੰਘ ਨੂੰ ਖਜਾਨਚੀ, ਬਲਵਿੰਦਰ ਸਿੰਘ ਸੇਖਚੱਕ ਤੇ ਜੱਸਾ ਸਿੰਘ ਨੂੰ ਮੀਤ ਪ੍ਰਧਾਨ, ਦਵਿੰਦਰ ਕੌਰ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਦਲਵਿੰਦਰ ਸਿੰਘ ਪੰਨੂੰ, ਬਲਬੀਰ ਸਿੰਘ ਝਾਮਕਾ ਆਦਿ ਨੇ ਵੀ ਸੰਬੋਧਨ ਕੀਤਾ| ਵੱਖ ਵੱਖ ਬੁਲਾਰਿਆਂ ਨੇ ਮਜ਼ਦੂਰਾਂ ਦੀ ਮੁਕਤੀ ਲਈ ਅਤੇ ਉਜਰਤਾਂ ਵਿੱਚ ਵਾਧੇ ਲਈ ਜਥੇਬੰਦਕ ਸੰਘਰਸ਼ ਕਰਨ ਉੱਤੇ ਜ਼ੋਰ ਦਿੱਤਾ ਅਤੇ ਮਜ਼ਦੂਰਾਂ ਦੀ ਬਿਹਤਰੀ ਲਈ ਸੁਝਾਅ ਦਿੰਦਿਆਂ ਸਾਮਰਾਜੀ ਸ਼ਕਤੀਆਂ ਵਿਰੁੱਧ ਲੜਾਈ ਦਾ ਹੋਕਾ ਦਿੱਤਾ।