ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 12 ਨਵੰਬਰ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਸੂਬੇ ਭਰ ਵਿੱਚ ਲੋਕਾਂ ਨੂੰ ਰੇਤ ਅਤੇ ਗਰੈਵਲ ਘੱਟ ਤੋਂ ਘੱਟ ਵਾਜਬ ਭਾਅ ’ਤੇ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਇਤਿਹਾਸਕ ਫ਼ੈਸਲਾ ਲਿਆ ਹੈ। ਰਾਜ ਸਰਕਾਰ ਨੇ ਰੇਤ ਅਤੇ ਗਰੈਵਲ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੀ ਕੀਮਤ ’ਤੇ ਮੁਹੱਈਆ ਕਰਵਾਉਣ ਲਈ ‘ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2021’ ਨੂੰ ਪ੍ਰਵਾਨਗੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਨਵੀਂ ਖਣਨ ਨੀਤੀ ਅਨੁਸਾਰ ਆਮ ਲੋਕਾਂ ਨੂੰ ਰੇਤ ਅਤੇ ਗਰੈਵਲ ਖਣਨ ਸਾਈਟਾਂ ’ਤੇ 5.50 ਰੁਪਏ ਪ੍ਰਤੀ ਕਿਊਬਕ ਫੁੱਟ ’ਤੇ ਉਪਲੱਬਧ ਕਰਵਾਇਆ ਜਾਵੇਗਾ ਤੇ ਜਿਸ ਵਿੱਚ ਲੋਡਿੰਗ ਦਾ ਖ਼ਰਚਾ ਸ਼ਾਮਲ ਹੈ। ਇਸ ਤੋਂ ਇਲਾਵਾ ਜਨਤਕ ਹਿੱਤ ਵਿੱਚ ਸਾਧਾਰਨ ਮਿੱਟੀ ਲਈ ਰਾਇਲਟੀ ਦਾ ਭਾਅ 10 ਤੋਂ ਘੱਟ ਕਰਕੇ 2.50 ਰੁਪਏ ਪ੍ਰਤੀ ਟਨ ਕਰ ਦਿੱਤਾ ਜਾਵੇਗਾ। ਮੰਤਰੀ ਬਾਜਵਾ ਨੇ ਕਿਹਾ ਇਸ ਨਵੀਂ ਨੀਤੀ ਅਨੁਸਾਰ ਜ਼ਮੀਨ ਦੇ ਮਾਲਕ ਜਾਂ ਜਿਸ ਦੇ ਕਬਜ਼ੇ ਵਿੱਚ ਜ਼ਮੀਨ ਹੈ, ਆਪਣੇ ਵਾਹੀਯੋਗ ਖੇਤਾਂ ਨੂੰ ਪੱਧਰਾ ਕਰਨ ਲਈ 3 ਫੁੱਟ ਤੱਕ ਖ਼ੁਦਾਈ ਜਾਂ ਹਟਾਈ ਗਈ ਮਿੱਟੀ ਨੂੰ ਨਿਪਟਾ ਸਕਦਾ ਹੈ। ਇਸ ਲਈ ਕੋਈ ਕਿਰਾਇਆ, ਰਾਇਲਟੀ ਜਾਂ ਪਰਮਿਟ ਫੀਸ ਅਤੇ ਕਿਸੇ ਪਰਮਿਟ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਖੱਜਲ ਖੁਆਰੀ ਘਟੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਹਿੱਤਾਂ ਵਿਚ ਫ਼ੈਸਲੇ ਲੈ ਰਹੀ ਹੈ।