ਜਸਬੀਰ ਸਿੰਘ ਚਾਨਾ
ਫਗਵਾੜਾ, 27 ਫਰਵਰੀ
ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਅੱਜ ਇੱਥੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਮਨਾਇਆ ਗਿਆ। ਇਸ ਮੌਕੇ ਪਾਠਾ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਵਿਸ਼ੇਸ਼ ਸਮਾਗਮ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕਹਕੀਮ ਵਿੱੱਚ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਹਾਜ਼ਰ ਸਨ। ਧਾਲੀਵਾਲ ਨੇ ਇਸ ਮੌਕੇ ਕਮਿਊਨਿਟੀ ਸੈਂਟਰ ਲਈ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਮੰਦਰ ਕਮੇਟੀ ਨੂੰ ਭੇਟ ਕੀਤਾ। ਇਸੇ ਤਰ੍ਹਾਂ ਪਿੰਡ ਡੁਮੇਲੀ ਵਿੱੱਚ ਵੀ ਇਹ ਦਿਹਾੜਾ ਮਨਾਇਆ ਗਿਆ।
ਤਲਵਾੜਾ (ਦੀਪਕ ਠਾਕੁਰ): ਇੱਥੇ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ-3 ਤਲਵਾੜਾ ਵੱਲੋਂ ਗੁਰੂ ਰਵਿਦਾਸ ਦਾ 644ਵਾਂ ਆਗਮਨ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਥਾਨਕ ਬੀਬੀਐਮਬੀ ਕਲੋਨੀ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਕਰਵਾਏ ਸਮਾਗਮ ਦੀ ਸ਼ੁਰੂਆਤ ਭੋਗ ਪਾਉਣ ਨਾਲ ਕੀਤੀ ਗਈ। ਇਸ ਉਪਰੰਤ ਲੋਕਲ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਗਿਆ।
ਬਲਾਚੌਰ(ਗੁਰਦੇਵ ਸਿੰਘ ਗਹੂੰਣ): ਗੁਰੂ ਰਵਿਦਾਸ ਦਾ ਆਗਮਨ ਪੁਰਬ ਪਿੰਡ ਗਹੂੰਣ ਦੀਆਂ ਸੰਗਤਾਂ ਵਲੋਂ ਗੁਰੂ ਰਵਿਦਾਸ ਮੰਦਰ ਗਹੂੰਣ ਵਿੱਚ ਮਨਾਇਆ ਗਿਆ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਨੇ ਗੁਰੂ ਰਵਿਦਾਸ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪਠਾਨਕੋਟ (ਐੱਨਪੀ ਧਵਨ): ਗੁਰਦੀਪ ਗਿਰੀ ਮਹਾਰਾਜ ਦੀ ਅਗਵਾਈ ਵਿੱਚ ਗੁਰੂ ਰਵਿਦਾਸ ਦਾ ਪ੍ਰਕਾਸ਼ ਉਤਸਵ ਅੱਜ ਇਥੇ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਅਮਿਤ ਵਿਜ ਵੀ ਪੁੱਜੇ ਅਤੇ ਉਨ੍ਹਾਂ ਬਲੱਡ ਕੈਂਪ ਦਾ ਰਬਿਨ ਕੱਟ ਕੇ ਉਦਘਾਟਨ ਕੀਤਾ। ਖੂਨਦਾਨ ਕੈਂਪ ਵਿੱਚ ਲਗਪਗ 150 ਸ਼ਰਧਾਲੂਆਂ ਵੱਲੋਂ ਖੂਨਦਾਨ ਕੀਤਾ ਗਿਆ।
ਭੁਲੱਥ (ਦੁਲੇਰ ਸਿੰਘ ਚੀਮਾ):ਇੱਥੇ ਅੱਜ ਕਸਬਾ ਭੁਲੱਥ ਤੇ ਪਿੰਡ ਖੱਸਣ ਦੇ ਵਾਸੀਆਂ ਵਲੋਂ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਦੱਸਿਆ ਕਿ ਸਯੁੰਕਤ ਕਿਸਾਨ ਮੋਰਚੇ ਵਲੋਂ ਦਿਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਵੱਖ-ਵੱਖ ਪਿੰਡਾਂ ਤੋਂ ਕਸਬਾ ਭੁਲੱਥ ਤੇ ਖੱਸਣ ਵਿਚ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਤੇ ਹਰ ਵਰਗ ਦੇ ਲੋਕਾਂ ਵਲੋਂ ਗੁਰਦੁਆਰੇ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਗਾਇਨ ਹੋਇਆ।
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਕਸਬਾ ਜੈਂਤੀਪੁਰ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ । ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਥੰਮ੍ਹ ਸਾਹਿਬ ਉਦੋਕੇ ਵਿੱਚ ਵੀ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ।
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਪ੍ਰਕਾਸ਼ ਉਤਸਵ ਮੌਕੇ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਵਿਚ ਵਿਧਾਇਕ ਡਾ. ਰਾਜਕੁਮਾਰ ਵੇਰਕਾ ਸ਼ਾਮਲ ਹੋਏ।
ਸੋਨੀ ਵੱਲੋਂ 2 ਲੱਖ ਰੁਪਏ ਦਾ ਚੈਕ ਭੇਟ
ਅੰਮ੍ਰਿਤਸਰ (ਪੱਤਰ ਪ੍ਰੇਰਕ): ਗੁਰੂ ਰਵਿਦਾਸ ਦੇ ਪ੍ਰਗਟ ਦਿਹਾੜੇ ਮੌਕੇ ਅੱਜ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਗੁਰੂ ਰਵਿਦਾਸ ਮੰਦਰ ਬਾਹਰਵਾਰ ਹਾਲਗੇਟ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮੱਥਾ ਟੇਕਿਆ। ਇਸ ਮੌਕੇ ਸ੍ਰੀ ਸੋਨੀ ਨੇ ਕੇਂਦਰੀ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਵਿਕਾਸ ਲਈ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ।
ਝਾਕੀਆਂ ਨੇ ਵਧਾਈ ਨਗਰ ਕੀਰਤਨਾਂ ਦੀ ਸ਼ੋਭਾ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਗੁਰੂ ਰਵਿਦਾਸ ਸਭਾ ਧਾਰੀਵਾਲ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਇਥੇ ਸ਼ਹਿਰ ਵਿੱਚੋਂ ਲੰਘਦੀ ਨਹਿਰ ਦੇ ਕਿਨਾਰੇ ਸਥਿਤ ਗੁਰੂ ਰਵਿਦਾਸ ਭਵਨ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪਿੰਡ ਰਣੀਆਂ ਤੋਂ ਮੁੜ ਗੁਰੂ ਰਵਿਦਾਸ ਮੰਦਰ ਵਿੱਚ ਸਮਾਪਤ ਹੋਇਆ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਆਦਮਪੁਰ ਦੋਆਬਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪੰਜਾਬ ਖਾਦੀ ਮੰਡਲ ਮੇਨ ਰੋਡ ਆਦਮਪੁਰ ਸਾਹਮਣੇ ਨਗਰ ਕੀਰਤਨ ਸਜਾਇਅਆ ਗਿਆ। ਨਗਰ ਕੀਰਤਨ ਵਿੱਚ ਗੁਰੂ ਰਵਿਦਾਸ ਦੇ ਜੀਵਨ ਨਾਲ ਸਬੰਧਤ ਝਾਕੀਆਂ ਸ਼ਾਮਲ ਸਨ।