ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 2 ਅਕਤੂਬਰ
ਬਾਬਾ ਉੱਤਮ ਸਿੰਘ ਵੱਲੋਂ ਸਥਾਪਤ ਅਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਯੁਵਕ ਮੇਲੇ 2024-25 ਵਿੱਚ ਭਾਗ ਲਿਆ ਤੇ ਓਵਰਆਲ ਚੈਂਪੀਅਨ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਕਾਲਜ ਵੱਲੋਂ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ।
ਇਸ ਦੌਰਾਨ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਬਾਬਾ ਸੇਵਾ ਸਿੰਘ, ਜਨਰਲ ਸਕੱਤਰ ਹਰਨੰਦਨ ਸਿੰਘ ਤੇ ਸਮੂਹ ਪ੍ਰੋਫੈਸਰਾਂ ਦਾ ਧੰਨਵਾਦ ਕੀਤਾ। ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਕੋ-ਆਰਡੀਨੇਟਰ ਪ੍ਰੋ. ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਅਤੇ ਮਹਿੰਦੀ ਵਿੱਚੋਂ ਪਹਿਲਾ, ਕੁਇੱਜ਼, ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ) ਅਤੇ ਡੀਬੇਟ ਵਿੱਚੋਂ ਦੂਜਾ ਅਤੇ ਮੌਕੇ ’ਤੇ ਪੇਂਟਿੰਗ, ਫੋਟੋਗ੍ਰਾਫੀ, ਐਲੋਕੇਸ਼ਨ ਅਤੇ ਇਕਾਂਗੀ (ਨਾਟਕ) ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇਕਾਂਗੀ (ਨਾਟਕ) ਦੀ ਪ੍ਰਤੀਯੋਗੀ ਸਿਮਰਪ੍ਰੀਤ ਕੌਰ ਬੀਏ (ਸਮੈਸਟਰ ਪੰਜਵਾ) ਨੂੰ ‘ਸਰਵੋਤਮ ਅਦਾਕਾਰਾ’ ਦੇ ਖਿਤਾਬ ਨਾਲ ਵੀ ਸਨਮਾਨਿਆ ਗਿਆ। ਇਸੇ ਤਰ੍ਹਾਂ ਭੰਗੜਾ ਟੀਮ ਵਿੱਚੋਂ ਜਸ਼ਨਪ੍ਰੀਤ ਸਿੰਘ ਬੀਏ (ਸਮੈਸਟਰ ਪਹਿਲਾ) ਦੇ ਵਿਦਿਆਰਥੀ ਨੂੰ ‘ਸਰਵੋਤਮ ਡਾਂਸਰ’ ਵਜੋਂ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਯੁਵਕ ਭਲਾਈ ਵਿਭਾਗ ਦੀ ਕੋ-ਕੋਆਰਡੀਨੇਟਰ ਪ੍ਰੋ. ਸਿਮਰਪ੍ਰੀਤ ਕੌਰ ਨੇ ਦੱਸਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ ਦੇ ਬੀ-ਜ਼ੋਨ ਵਿੱਚ ਕੁੱਲ 17 ਕਾਲਜਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਦੌਰਾਨ ਕਾਲਜ ਨੇ 31 ਮੁਕਾਬਿਆਂ ਵਿੱਚ ਭਾਗ ਲਿਆ ਤੇ 9 ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਓਵਰਆਲ ਚੈਂਪੀਅਨ ਟਰਾਫ਼ੀ ਹਾਸਲ ਕੀਤੀ।