ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੂਨ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਅੱਜ ਇਲਾਕੇ ਦੀਆਂ ਪੀੜਤ ਔਰਤਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਕ ਔਰਤ ਵੱਲੋਂ ਕੀਤੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਦੀ ਮਦਦ ਨਾਲ ਇਸ ਪੀੜਤ ਔਰਤ ਨੂੰ ਇਨਸਾਫ ਦਿਵਾਇਆ ਗਿਆ। ਮਹਿਲਾ ਕਮਿਸ਼ਨ ਨੇ ਸੁਹਰੇ ਪਰਿਵਾਰ ਵੱਲੋਂ ਦੇਰ ਰਾਤ ਘਰੋਂ ਕੱਢੀ ਇਸ ਔਰਤ ਨੂੰ ਪੁਲੀਸ ਕਮਿਸ਼ਨਰ ਰਾਹੀਂ ਘੰਟਿਆਂ ਵਿਚ ਹੀ ਇਨਸਾਫ ਦਿਵਾ ਕੇ ਜਿੱਥੇ ਸੁਹਰੇ ਪਰਿਵਾਰ ਕੋਲੋਂ ਉਸ ਦਾ 8 ਮਹੀਨੇ ਦਾ ਬੱਚਾ ਵਾਪਸ ਲੈ ਕੇ ਦਿੱਤਾ, ਉਥੇ ਪੁਲੀਸ ਨੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲਾ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਕਮਿਸ਼ਨ ਨੇ ਅੱਜ ਪੰਜ ਜ਼ਿਲ੍ਹਿਆਂ ਦੀਆਂ ਸ਼ਿਕਾਇਤਾਂ ਬਾਰੇ ਪੁਲੀਸ ਅਧਿਕਾਰੀਆਂ ਕੋਲੋਂ ਕਾਰਵਾਈ ਬਾਰੇ ਪੁੱਛਿਆ ਅਤੇ ਉਨ੍ਹਾਂ ਦੀਆਂ ਐਕਸ਼ਨ ਰਿਪੋਰਟਾਂ ਵੀ ਮੰਗੀਆਂ।
ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਬੀਤੇ ਦਿਨ ਉਸ ਨੂੰ ਰਾਤ 11 ਵਜੇ ਇਕ ਔਰਤ ਨੇ ਦੱਸਿਆ ਕਿ ਉਹ ਥਾਣਾ ਅੰਮ੍ਰਿਤਸਰ ਕੈਂਟ ਦੇ ਬਾਹਰ ਖੜ੍ਹੀ ਹੈ ਤੇ ਸੁਹਰੇ ਪਰਿਵਾਰ ਨੇ ਉਸ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ ਅਤੇ ਬੱਚਾ ਵੀ ਖੋਹ ਲਿਆ ਹੈ। ਉਸ ਨੇ ਤਰੁੰਤ ਇਹ ਮਾਮਲਾ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਜਿੰਨ੍ਹਾਂ ਨੇ ਏਸੀਪੀ ਕੰਵਲਪ੍ਰੀਤ ਕੌਰ ਨੂੰ ਮੌਕੇ ਉੱਤੇ ਭੇਜ ਕੇ ਸੁਹਰੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਵੱਲੋ ਵੀ ਐੱਸਡੀਐੱਮ ਦੀ ਡਿਊਟੀ ਇਸ ਕੰਮ ਲਈ ਲਗਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਾਤ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤੜਕੇ ਸਹੁਰੇ ਪਰਿਵਾਰ ਨੂੰ ਗ੍ਰਿਫਤਾਰ ਕਰਨ ਲਈ ਛਾਪਾ ਮਾਰਿਆ ਪਰ ਸਾਰੇ ਮੈਂਬਰ ਬੱਚੇ ਸਮੇਤ ਘਰੋਂ ਭੱਜ ਗਏ ਸਨ। ਇਸ ਦੌਰਾਨ ਪੁਲੀਸ ਨੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਕਾਬੂ ਕਰ ਕੇ ਇਸ ਪਰਿਵਾਰ ਕੋਲੋਂ ਬੱਚਾ ਲੈ ਕੇ ਮਾਂ ਦੇ ਹਵਾਲੇ ਕਰ ਦਿੱਤਾ। ਅਦਾਲਤ ਵੱਲੋਂ ਵੀ ਔਰਤ ਦੇ ਪਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਇਸ ਮੌਕੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੀ ਹਾਜ਼ਰ ਸਨ।
ਅਣਪਛਾਤੀ ਔਰਤ ਦੀ ਲਾਸ਼ ਮਿਲੀ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਇਥੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰਾ ਵਿਚੋਂ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਐੱਡਰੈੱਸ ਅਤੇ ਵਾਰਸਾਂ ਬਾਰੇ ਕੋਈ ਪਤਾ ਨਹੀਂ ਲੱਗਾ। ਲਾਸ਼ ਨੂੰ ਸ਼ਨਾਖਤ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਔਰਤ ਦੀ ਉਮਰ ਕਰੀਬ 60 ਸਾਲ, ਕੱਦ 5 ਫੁੱਟ ਹੈ ਤੇ ਉਸ ਨੇ ਹਰੀਆਂ ਬੂਟੀਆਂ ਵਾਲਾ ਸੂਟ ਪਾਇਆ ਹੋਇਆ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਔਰਤ ਬਾਬਤ ਜਾਣਦਾ ਹੋਵੇ ਤਾਂ ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਦੇ ਮੋਬਾਈਲ ਨੰਬਰ 97811-30205, 62805-06827 ’ਤੇ ਸੰਪਰਕ ਕਰ ਸਕਦਾ ਹੈ।