ਮਕਬੂਲ ਅਹਿਮਦ
ਕਾਦੀਆ, 1 ਸਤੰਬਰ
ਕਾਦੀਆਂ ਦੇ ਮੁਹੱਲਾ ਸੰਤ ਨਗਰ ’ਚ ਘਰ ਦੇ ਬਾਹਰ ਖੜ੍ਹੀਆਂ ਦੋ ਕਾਰਾਂ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਮਾਲਕ ਮਹਿੰਦਰ ਸਿੰਘ ਵਾਸੀ ਸੰਤ ਨਗਰ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਕਾਰਾਂ ਦੋ ਦਿਨਾਂ ਤੋਂ ਗਲੀ ਵਿਚ ਖੜ੍ਹੀਆਂ ਕੀਤੀਆਂ ਹੋਈਆਂ ਸਨ। ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀਆਂ ਨੇ ਕਾਰ ਨੂੰ ਅੱਗ ਲੱਗੇ ਹੋਣ ਦੀ ਸੂਚਨਾ ਦਿੱਤੀ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਕਾਰਾਂ ਨੂੰ ਲੱਗੀ ਅੱਗ ਬੁਝਾਈ ਪਰ ਊਦੋਂ ਤਕ ਦੋਂਵੇ ਕਾਰਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਰੁਜ਼ਗਾਰ ਇਨ੍ਹਾਂ ਦੋ ਕਾਰਾਂ ਤੋਂ ਹੀ ਚਲਦਾ ਸੀ, ਹੁਣ ਉਹ ਬੇਕਾਰ ਹੋ ਚੁੱਕਾ ਹੈ। ਕਰੋਨਾਵਾਇਰਸ ਦੇ ਚਲਦੇ ਅੱਗੇ ਹੀ ਕਾਰੋਬਾਰ ਠੱਪ ਹੋ ਚੁੱਕਾ ਸੀ, ਹੁਣ ਉਸ ਦਾ ਰੁਜ਼ਗਾਰ ਦਾ ਸਾਧਨ ਵੀ ਕੰਮ ਦਾ ਨਹੀਂ ਰਿਹਾ। ਉਸ ਨੇ ਪ੍ਰਸ਼ਾਸਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।