ਪੱਤਰ ਪ੍ਰੇਰਕ
ਤਰਨ ਤਾਰਨ, 24 ਜੁਲਾਈ
ਇਥੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਸਬੰਧੀ ਅੱਜ ਤੋਂ ਸ਼ੁਰੂ ਕੀਤੀ 14-ਰੋਜ਼ਾ ਲੜੀਵਾਰ ਭੁੱਖ ਹੜਤਾਲ ਦੇ ਪਹਿਲੇ ਦਿਨ ਜਥੇਬੰਦੀ ਦੀਆਂ ਤਿੰਨ ਮਹਿਲਾ ਵਰਕਰਾਂ ਸਮੇਤ ਪੰਜ ਵਰਕਰਾਂ ਇਥੋਂ ਦੇ ਸਿਵਲ ਸਰਜਨ ਦੇ ਦਫਤਰ ਸਾਹਮਣੇ ਦਿਨ ਭਰ ਲਈ ਭੁੱਖ ਹੜਤਾਲ ’ਤੇ ਬੈਠ ਕੇ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਜਥੇਬੰਦੀ ਵਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਵਿੱਚ ਸੁਖਬੀਰ ਕੌਰ ਢਿੱਲੋਂ, ਗੁਰਬੀਰ ਸਿੰਘ ਪੰਡੋਰੀ, ਪ੍ਰਭਦੀਪ ਕੌਰ ਕੈਰੋਂ, ਜਸਵਿੰਦਰ ਕੌਰ ਘੜਿਆਲਾ ਅਤੇ ਜਸਵਿੰਦਰ ਸਿੰਘ ਅੰਮ੍ਰਿਤਸਰ ਦਾ ਨਾਮ ਸ਼ਾਮਲ ਹੈ।
ਅੰਮ੍ਰਿਤਸਰ(ਪੱਤਰ ਪ੍ਰੇਰਕ): ਇਥੇ ਸਿਹਤ ਵਿਭਾਗ ਅਧੀਨ ਕੰਮ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਅੱਜ ਇਥੇ ਇੱਕ ਰੋਜ਼ਾ ਹੜਤਾਲ ਕੀਤੀ ਗਈ। ਇਸ ਸਬੰਧੀ ਐੱਨਆਰਐੱਚਐੱਮ ਐਂਪਲਾਈਜ਼ ਐਸੋਸੀਏਸ਼ਨ, ਪੰਜਾਬ ਅਤੇ ਐੱਨਆਰਐੱਚਐੱਮ ਐਂਪਲਾਈਜ਼ ਯੂਨੀਅਨ, ਪੰਜਾਬ ਤੋਂ ਡਾ. ਇੰਦਰਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਹੁਣ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ’ਤੇ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਾ ਕਰਕੇ ਬਾਹਰੋਂ ਭਰਤੀ ਕਰ ਰਹੀ ਹੈ।
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਇਥੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਦਿੱਤੇ ਸੱਦੇ ’ਤੇ ਸਿਹਤ ਕਮਚਾਰੀਆਂ ਨੇ ਆਪਣੀਆਂ ਮੰਗਾਂ ਲਈ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜ ਕਰਮਚਾਰੀਆਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ। ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ ਅਤੇ ਪੰਜਾਬ ਭਰ ਅੰਦਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਵਲੋਂ ਜਲਦ ਹੀ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਘਿਰਾਓ ਕੀਤਾ ਜਾਵੇਗਾ।
ਬਾਜਵਾ ਦੀ ਕੋਠੀ ਦੇ ਘਿਰਾਓ ਦਾ ਐਲਾਨ
ਪਠਾਨਕੋਟ(ਪੱਤਰ ਪ੍ਰੇਰਕ): ਇਥੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਪੰਜਾਬ ਭਰ ’ਚ ਜ਼ਿਲ੍ਹਾ ਪੱਧਰਾਂ ’ਤੇ ਚੱਲ ਰਿਹਾ ਧਰਨਾ ਅੱਜ 35ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਕੋਈ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਜ਼ਿਲ੍ਹਾ ਪਰਿਸ਼ਦ ਵਿੱਚ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਅੱਜ ਫਾਰਮਾਸਿਸਟਾਂ ਦੇ ਧਰਨੇ ਵਿੱਚ ਐੱਨਐੱਚਐੱਮ ਤੇ ਏਐੱਨਐੱਮਜ਼ ਨੇ ਪਹੁੰਚ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖੀ ਰਣਨੀਤੀ ਤਹਿਤ ਬਹੁਤ ਜਲਦ ਸੂਬੇ ਭਰ ਦੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਰਿਹਾਇਸ਼ ਕਾਦੀਆਂ ਗੁਰਦਾਸਪੁਰ ਵੱਲ ਕੂਚ ਕੀਤਾ ਜਾਵੇਗਾ ਜਿਥੇ ਸੂਬੇ ਭਰ ’ਚੋਂ ਫਾਰਮਾਸਿਸਟ ਅਤੇ ਦਰਜਾ ਚਾਰ ਕਾਦੀਆਂ ਵਿੱਚ ਪਹੁੰਚ ਕੇ ਮੰਤਰੀ ਬਾਜਵਾ ਦੀ ਕੋਠੀ ਦਾ ਘਿਰਾਓ ਕਰਨ ਉਪਰੰਤ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।