ਦਲਬੀਰ ਸੱਖੋਵਾਲੀਆ
ਬਟਾਲਾ, 16 ਜਨਵਰੀ
ਕਾਂਗਰਸ ਹਾਈਕਮਾਨ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਕੱਟੇ ਜਾਣ ਤੋਂ ਖਫ਼ਾ ਵਿਧਾਇਕ ਲਾਡੀ ਨੇ ਅੱਜ ਆਪਣੇ ਗ੍ਰਹਿ ਬਟਾਲਾ ਵਿਚ ਹਲਕੇ ਦੇ ਵਰਕਰਾਂ ਅਤੇ ਆਗੂਆਂ ਦੀ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਨੇ ਆਪਣੇ ਬਾਗ਼ੀ ਅੰਦਾਜ਼ ਵਿੱਚ ਕਿਹਾ ਕਿ ਪਾਰਟੀ ਨੇ ਜਿਸ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਿਕਟ ਦਿੱਤੀ ਹੈ, ਉਹ ਸਿਆਸਤ ਵਿੱਚ ਅਨਾੜੀ ਹੈ। ਜੇ ਹਾਈਕਮਾਨ ਫ਼ੈਸਲਾ ਨਹੀਂ ਬਦਲਦੀ ਤਾਂ ਉਹ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਬੁਲਾਰਿਆਂ ਨੇ ਹਾਈਕਮਾਨ ਤੋਂ ਮੰਗ ਕੀਤੀ ਕਿ ਇਸ ਹਲਕੇ ਤੋਂ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਹੈ, ਉਸ ’ਤੇ ਮੁੜ ਵਿਚਾਰ ਕੀਤਾ ਜਾਵੇ। ਬੁਲਾਰਿਆਂ ਨੇ ਵਿਧਾਇਕ ਲਾਡੀ ਦੇ ਕਸੀਦੇ ਪੜ੍ਹਦਿਆਂ ਉਸ ਨੂੰ ਇਮਾਨਦਾਰ, ਪਾਰਟੀ ਪ੍ਰਤੀ ਵਫ਼ਾਦਾਰ ਅਤੇ ਹਲਕੇ ਦੀ ਯੋਗ ਅਗਵਾਈ ਕਰਨ ਵਾਲਾ ਆਗੂ ਦੱਸਿਆ।
ਇਸ ਮੌਕੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪਨੂੰ ਤੋਂ ਇਲਾਵਾ ਹਲਕੇ ਦੇ ਕੁਝ ਪਿੰਡਾਂ ਤੋਂ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪਰਿਸ਼ਦ ਮੈਂਬਰ, ਨੰਬਰਦਾਰ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ। ਇਸ ਮੌਕੇ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਹਲਕਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਟਿਕਟ ’ਤੇ ਮੁੜ ਗ਼ੌਰ ਕਰੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜ ਸਾਲਾਂ ਦੌਰਾਨ ਉਸ ਨੇ ਪਾਰਟੀ ਪ੍ਰਤੀ ਜਿੱਥੇ ਵਫ਼ਾਦਾਰੀ ਕੀਤੀ ਹੈ, ਉੱਥੇ ਕਦੇ ਕਿਸੇ ਸਰਪੰਚ ਜਾਂ ਹੋਰ ਆਗੂ ਨੂੰ ਕਦੇ ਵਗਾਰ ਨਹੀਂ ਪਾਈ ਅਤੇ ਆਈਆਂ ਗ੍ਰਾਂਟਾਂ ਨੂੰ ਇਮਾਨਦਾਰੀ ਨਾਲ ਖ਼ਰਚਿਆ ਹੈ।