ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 9 ਅਪਰੈਲ
ਇਥੋਂ ਨਜ਼ਦੀਕੀ ਪਿੰਡ ਗਹਿਰੀ ਮੰਡੀ ਦੇ ਹਨੀ ਪੁੱਤਰ ਦੀਪਕ ਕੁਮਾਰ ਨੂੰ ਬੀਤੀ 23 ਮਾਰਚ ਨੂੰ ਪਲਵਿੰਦਰ ਸਿੰਘ ਉਰਫ਼ ਘੁੱਦਾ’ ਰਣਜੀਤ ਸਿੰਘ ਉਰਫ ਰਾਣਾ ਦੋਵੇਂ ਵਾਸੀ ਪਿੰਡ ਗਹਿਰੀ ਮੰਡੀ ਅਤੇ ਸੰਨੀ ਉਰਫ਼ ਡੱਡੀ ਵਾਸੀ ਪਿੰਡ ਭੰਗਵਾਂ ਅਤੇ ਇਕ ਹੋਰ ਅਣਪਛਾਤੇ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਕੁਝ ਦਿਨ ਹਸਪਤਾਲ ਜ਼ੇਰੇ ਇਲਾਜ ਰਹਿਣ ਤੋਂ ਬਾਅਦ ਹਨੀ ਦੀ ਮੌਤ ਹੋ ਗਈ ਸੀ। ਇੰਨੇ ਦਿਨ ਬੀਤਣ ਮਗਰੋਂ ਵੀ ਪੁਲੀਸ ਦੇ ਹੱਥ ਕਾਤਲ ਨਾ ਆਉਣ ’ਤੇ ਅੱਜ ਹਨੀ ਦੇ ਵਾਰਸਾਂ ਨੇ ਬਾਅਦ ਦੁਪਹਿਰ ਜੰਡਿਆਲਾ ਗੁਰੂ ਜੀਟੀ ਰੋਡ ਦੇਵੀਦਾਸਪੁਰਾ ਚੌਕ ਵਿੱਚ ਜਾਮ ਲਗਾ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਨੀ ਦੇ ਵਾਰਸਾਂ ਨੇ ਪੁਲੀਸ ਉੱਤੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਮੁਲਜ਼ਮ ਹਨੀ ਨੂੰ ਧਮਕੀਆਂ ਦਿੰਦੇ ਸੀ ਪਰ ਪੁਲੀਸ ਨੇ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਅੱਜ ਉਨ੍ਹਾਂ ਦੇ ਬੇਟੇ ਦੀ ਮੌਤ ਤੋਂ ਬਾਅਦ ਵੀ ਪੁਲੀਸ ਮੁਲਜ਼ਮਾਂ ਨੂੰ ਨਹੀਂ ਫੜ ਸਕੀ। ਹਨੀ ਦੇ ਮਾਮਾ ਸੰਜੀਵ ਕੁਮਾਰ ਤੇ ਚਾਚਾ ਰਜਿੰਦਰ ਕੁਮਾਰ ਨੇ ਦੋਸ਼ ਕਿਹਾ ਪੁਲੀਸ ਜੇ ਸਖ਼ਤੀ ਨਾਲ ਕਾਰਵਾਈ ਕਰੇ ਤਾਂ ਮੁਲਜ਼ਮ ਜਲਦੀ ਕਾਬੂ ਆ ਸਕਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਸਪਾਲ ਮਸੀਹ ਨੇ ਕਿਹਾ ਕਾਂਗਰਸ ਸਰਕਾਰ ਦੇ ਰਾਜ ਵਿਚ ਲੋਕਤੰਤਰ ਖ਼ਤਮ ਹੋ ਗਿਆ ਹੈ। ਇਸ ਦੌਰਾਨ ਜੀਟੀ ਰੋਡ ਦੇ ਦੋਵੇਂ ਪਾਸੇ ਕਰੀਬ ਦੋ ਢਾਈ ਕਿਲੋਮੀਟਰ ਲੰਬਾ ਟਰੈਫਿਕ ਜਾਮ ਲੱਗ ਗਿਆ। ਮੌਕੇ ਉੱਪਰ ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰਪਾਲ ਸਿੰਘ ਨੇ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਦੋ ਦਿਨ ਵਿੱਚ ਦੋਸ਼ੀਆਂ ਦੇ ਫੜੇ ਜਾਣ ਦਾ ਭਰੋਸਾ ਦੇ ਕੇ ਸ਼ਾਮ ਨੂੰ ਜਾਮ ਖੁੱਲ੍ਹਵਾਇਆ।