ਪੱਤਰ ਪ੍ਰੇਰਕ
ਤਰਨ ਤਾਰਨ, 2 ਜੁਲਾਈ
ਸਾਬਕਾ ਸੈਨਿਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇਕ-ਰੋਜ਼ਾ ਭੁੱਖ ਹੜਤਾਲ ਕੀਤੀ ਗਈ ਅਤੇ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ 23 ਜੁਲਾਈ ਨੂੰ ਪਾਰਲੀਮੈਂਟ ਦੇ ਕੀਤੇ ਜਾਣ ਵਾਲੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ| ਭੁੱਖ ਹੜਤਾਲ ਦਾ ਇਹ ਸੱਦਾ ਸਾਬਕਾ ਸੈਨਿਕਾਂ ਦੀ ਦੇਸ਼ ਵਿਆਪੀ ਜਥੇਬੰਦੀ ਵੈਟਰਨ ਵੈਲਫੇਅਰ ਯੂਨੀਅਨ ਵਲੋਂ ਦਿੱਤਾ ਗਿਆ ਸੀ ਜਿਸ ਵਿੱਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਰਨ ਤਾਰਨ ਵੱਲੋਂ ਐਕਸ ਸਰਵਿਸਮੈਨ ਲੀਗ ਵੀ ਸ਼ਾਮਲ ਹਨ| ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਰਭਾਲ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੀਆਂ ਭੱਖਦੀਆਂ ਮੰਗਾਂ ਵਿੱਚ ਡਿਸਬਿਲਟੀ ਪੈਨਸ਼ਨ ਵਿੱਚ ਖਾਮੀਆਂ ਨੂੰ ਦੂਰ ਕਰਨਾ, ਮਿਲਟਰੀ ਸਰਵਿਸ ਪੇਅ, 7ਵੇਂ ਪੇਅ ਕਮਿਸ਼ਨ ਵਿੱਚ ਲਾਗੂ ਹੋਏ ਪੇਅ ਫੈਕਟਰ ਅਤੇ ਇੱਕ ਰੈਂਕ ਇੱਕ ਪੈਨਸ਼ਨ ਵਿੱਚ ਭੇਦਭਾਵ ਦੂਰ ਕਰਕੇ ਜਵਾਨਾਂ ਨੂੰ ਅਧਿਕਾਰੀਆਂ ਦੇ ਬਰਾਬਰ ਅਨੁਪਾਤ ਨਾਲ ਲਾਭ ਦੇਣਾ ਸ਼ਾਮਲ ਹਨ| ਜਥੇਬੰਦੀਆਂ ਮੰਗਾਂ ਦੇ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਤੇ ਅਧਾਰਿਤ ਕਮੇਟੀ ਬਣਾਉਣ ਦੀ ਮੰਗ ਕਰਦੀਆਂ ਹਨ| ਅੱਜ ਇਥੇ ਪਰਗਟ ਸਿੰਘ, ਬਲਵਿੰਦਰ ਸਿੰਘ ਕੁਹਾੜਕਾ, ਹਰਭਾਲ ਸਿੰਘ, ਨਿਰਮਲ ਸਿੰਘ ਸਖੀਰਾ, ਗੁਰਮੀਤ ਸਿੰਘ ਪੱਧਰੀ, ਜਗਤਾਰ ਸਿੰਘ ਬਾਠ, ਮਲਕੀਤ ਸਿੰਘ ਰਸੂਲਪੁਰ, ਬਾਪੂ ਟਹਿਲ ਸਿੰਘ, ਅਰਜਨ ਸਿੰਘ ਠਰੂ ਅਤੇ ਹਰਭਾਲ ਸਿੰਘ ਬਾਕੀਪੁਰ ਭੁੱਖ ਹੜਤਾਲ ’ਤੇ ਬੈਠੇ।
ਪਠਾਨਕੋਟ (ਪੱਤਰ ਪ੍ਰੇਰਕ): ਵਨ ਰੈਕ ਵਨ ਪੈਨਸ਼ਨ ਦੀ ਕੁਰੀਤੀਆਂ ਨੂੰ ਦੂਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਾਬਕਾ ਸੈਨਿਕ ਐਸੋਸੀਏਸ਼ਨ ਪਠਾਨਕੋਟ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫਤਰ ਮੂਹਰੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ। ਇਸ ਮੌਕੇ ਉਪ-ਪ੍ਰਧਾਨ ਸਾਬਕਾ ਕੈਪਟਨ ਸਾਗਰ ਸਿੰਘ ਸਲਾਰੀਆ, ਜਨਰਲ ਸਕੱਤਰ ਸਾਬਕਾ ਕੈਪਟਨ ਭੁਪਿੰਦਰ ਸਿੰਘ, ਬਨਾਰਸੀ ਦਾਸ ਆਦਿ ਹਾਜ਼ਰ ਸਨ। ਸਾਬਕਾ ਸੈਨਿਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਓਮ ਸਿੰਘ ਢਡਵਾਲ ਨੇ ਦੱਸਿਆ ਕਿ ਸਾਬਕਾ ਸੈਨਿਕ ਸੰਘਰਸ਼ ਕਮੇਟੀ (ਭਾਰਤ) ਅਤੇ ਫੈਡਰੇਸ਼ਨ ਆਫ ਵੈਟਰਨ ਐਸੋਸੀਏਸ਼ਨ ਦੀ ਤਰਫੋਂ ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕੀਤੀ ਗਈ।