ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 29 ਜਨਵਰੀ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਟਾਲਾ ਤੋਂ ਚੋਣ ਲੜਣ ਦੀਆਂ ਅਫ਼ਵਾਹਾਂ ’ਤੇ ਵਿਰਾਮ ਲਗਾਉਂਦਿਆਂ ਆਪਣੀ ਚੋਣ ਮੁਹਿੰਮ ਨੂੰ ਲੜੀਵਾਰ ਅੱਗੇ ਤੋਰਦਿਆਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕੋਟਲੀ ਢਾਡੀਆਂ, ਭਾਰਥਵਾਲ ਅਤੇ ਸੁੰਡਲ ਪਿੰਡਾਂ ਵਿੱਚ ਚੋਣ ਮੀਟਿੰਗ ਕਰਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਲਾਮਬੰਦ ਕੀਤਾ। ਇਸ ਮੌਕੇ ਬਾਜਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਲੋਕ ਇਸੇ ਵਿਕਾਸ ਨੂੰ ਮੁੱਖ ਰੱਖ ਕੇ ਕਾਂਗਰਸ ਪਾਰਟੀ ਨੂੰ ਇਕ ਹੋਰ ਮੌਕਾ ਦੇਣਗੇ। ਬਾਜਵਾ ਨੇ ਮੁੜ ਸਪੱਸ਼ਟ ਕੀਤਾ ਕਿ ਉਹ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਹੀ ਚੋਣ ਲੜਣਗੇ ਅਤੇ ਇਹ ਸੀਟ ਵੱਡੀ ਬਹੁਮਤ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ। ਇਸ ਮੌਕੇ ਬਲਵਿੰਦਰ ਸਿੰਘ ਕੋਟਲਾਬਾਮਾ, ਉਂਕਾਰ ਸਿੰਘ ਲਾਟੀ, ਬਲਵਿੰਦਰ ਸਿੰਘ ਭਾਲੋਵਾਲੀ ਆਦਿ ਸਣੇ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।