ਗੁਰਬਖਸ਼ਪੁਰੀ
ਤਰਨ ਤਾਰਨ, 30 ਜੁਲਾਈ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਨਵਾਂ ਅਕਾਲੀ ਦਲ ਗਠਿਤ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬ ਅੰਦਰ ਇੱਕ ਕਾਫਲੇ ਦੇ ਆਗੂ ਦੇ ਤੌਰ ’ਤੇ ਦੇਖਣ ਦੀ ਇੱਛਾ ਜ਼ਾਹਰ ਕੀਤੀ ਹੈ| ਇਸ ਸਬੰਧੀ ਉਨ੍ਹਾਂ ਕਿਹਾ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਸੁਖਬੀਰ ਸਿੰਘ ਬਾਦਲ ਖਿਲਾਫ਼ ਕੰਮ ਕਰਦੇ ਰਾਜਸੀ ਆਗੂਆਂ ਨੂੰ ਸੁਖਦੇਵ ਸਿੰਘ ਢੀਂਡਸਾ ਨਾਲ ਮਿਲਾਉਣ ਲਈ ਯਤਨਸ਼ੀਲ ਰਹਿਣਗੇ| ਸ੍ਰੀ ਰਾਮੂਵਾਲੀਆ ਨੇ ਇਸ ਸਬੰਧੀ ਵਿਚਾਰ ਅੱਜ ਇਥੋਂ ਦੇ ਫੋਕਲ ਪੁਆਇੰਟ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪੇਸ਼ ਕੀਤੇ| ਉਹ ਪਿੰਡ ਤੁੜ ਵਿੱਚ ਅਕਾਲੀ ਦਲ ਦੇ ਸਵਰਗੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦੀ ਯਾਦ ਵਿੱਚ ਕੀਤੇ ਘਰੇਲੂ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਇਥੇ ਆਏ ਸਨ| ਉਨ੍ਹਾਂ ਖ਼ੁਦ ਨੂੰ ਰਾਜਸੀ ਤੌਰ ’ਤੇ ਸਮਾਜਵਾਦੀ ਪਾਰਟੀ ਦਾ ਆਗੂ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਅੰਦਰ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਲਈ ਲੋਕ ਭਲਾਈ ਮਿਸ਼ਨ ਨਾਂ ਦੀ ਸੰਸਥਾ ਦਾ ਗਠਨ ਕੀਤਾ ਹੈ| ਉਨ੍ਹਾਂ ਨਾਲ ਪੁਰਾਣੇ ਸਾਥੀ ਅਮਰੀਕ ਸਿੰਘ ਵਰਪਾਲ ਤੇ ਸਨਅਤਕਾਰ ਹਰਭਜਨ ਸਿੰਘ ਖਾਲਸਾ ਵੀ ਹਾਜ਼ਰ ਸਨ|ਇਸ ਮੌਕੇ ਊਨ੍ਹਾਂ ਨੇ ਸ੍ਰੀ ਸੁਖਦੇਵ ਸਿੰਘ ਢੀਂਡਸਾ ਦੇ ਪੱਖ ਦੀ ਜ਼ਬਰਦਸਤ ਪੈਰਵੀ ਕੀਤੀ ਅਤੇ ਸੁਖਬੀਰ ਬਾਦਲ ਦੀਆਂ ਨੀਤੀਆਂਂ ਦੀ ਨਿਖੇਧੀ ਕੀਤੀ।