ਰਾਜਨ ਮਾਨ
ਮਜੀਠਾ, 13 ਫਰਵਰੀ
ਮਜੀਠਾ ਹਲਕੇ ਦੇ ਲੋਕ ਮਜੀਠੀਆ ਪਰਿਵਾਰ ਦਾ ਹਿੱਸਾ ਹਨ ਅਤੇ ਇਸਦੇ ਸਰਵਪੱਖੀ ਵਿਕਾਸ ਵਾਸਤੇ ਮੈਂ ਔਰਤਾਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਕੰਮ ਕਰਾਂਗੀ। ਇਹ ਪ੍ਰਗਟਾਵਾ ਅਕਾਲੀ-ਬਸਪਾ ਗਠਜੋੜ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ ਨੇ ਕੀਤਾ।
ਉਨ੍ਹਾਂ ਅੱਜ ਇਥੇ ਮੱਤੇਵਾਲ ਸਰਕਲ ਦੇ ਪਿੰਡਾਂ ਚਾਟੀਵਿੰਡ ਲੈਹਲ, ਚੋਗਾਵਾਂ, ਭੋਏ, ਬੋਪਾਰਾਏ, ਬੱਗਾ, ਉਦੋਕੇ ਕਲਾਂ ਅਤੇ ਉਦੋਕੇ ਖੁਰਦ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਂਜ ਤਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਪਰ ਹਾਲੇ ਵੀ ਰੁਜ਼ਗਾਰ ਸਮੇਤ ਕਈ ਅਜਿਹੇ ਮਾਮਲੇ ਹਨ ਜਿਸ ਲਈ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਲੋੜੀਂਦੇ ਸਾਰੇ ਕੰਮ ਮੁਕੰਮਲ ਕਰਨਗੇ ਅਤੇ ਮਹਿਲਾਵਾਂ ਦੇ ਆਰਥਿਕ ਸ਼ਕਤੀਕਰਨ ਵਾਸਤੇ ਡੱਟ ਕੇ ਕੰਮ ਕਰਨਗੇ। ਇਸੇ ਤਰ੍ਹਾਂ ਮਜੀਠਾ ਹਲਕੇ ਵਿਚ ਅੱਜ ਦੋ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ। ਪਿੰਡ ਬੋਪਾਰਾਏ ਵਿਚ ਹੋਏ ਸਮਾਗਮ ਦੌਰਾਨ ਇਹ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋਏ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਗਨੀਵ ਕੌਰ ਮਜੀਠੀਆ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਮਿਲੇਗਾ।