ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 13 ਮਈ
ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਤੋਂ ਬਾਅਦ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਹਾਊਸ ਦੀ ਪਲੇਠੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਬਾਜਵਾ ਨੇ ਨਗਰ ਕੌਂਸਲ ਪ੍ਰਧਾਨ ਰਜਵੰਤ ਕੌਰ ਰੰਧਾਵਾ ਦੀ ਸਾਦੇ ਸਮਾਗਮ ਦੌਰਾਨ ਤਾਜਪੋਸ਼ੀ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਅਗਾਂਹਵਧੂ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਔਰਤਾਂ ਨੂੰ ਫਤਿਹਗੜ੍ਹ ਚੂੜੀਆਂ ਸ਼ਹਿਰ ਦੀ ਵਾਂਗਡੋਰ ਸੌਂਪੀ ਗਈ ਹੈ ਅਤੇ ਸ਼ਹਿਰ ਦਾ ਵਧੀਆ ਵਿਕਾਸ ਹੋਵੇਗਾ। ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ’ਤੇ ਬੋਲਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਕੋਈ ਵੀ ਮੰਤਰੀ ਜਾਂ ਵਿਧਾਇਕ ਆਪਸ ਵਿਚ ਨਹੀਂ ਵੰਡਿਆ ਅਤੇ ਸਭ ਇਕੱਠੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਹੀ ਉਨ੍ਹਾਂ ਦੇ ਲੀਡਰ ਹਨ। ਸੂਬੇ ਵਿਚ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ’ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਜੇਕਰ ਹਾਲਾਤ ਵਿਗੜਦੇ ਹਨ ਤਾਂ ਪੰਜਾਬ ਸਰਕਾਰ ਸਖ਼ਤ ਫੈਸਲੇ ਲੈ ਸਕਦੀ ਹੈ।
ਆਕਸੀਜਨ ਦੀ ਘਾਟ ’ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਆਕਸੀਜਨ ਦੀ ਸਾਰੀ ਵੰਡ ਕੇਂਦਰ ਦੇ ਹੱਥ ਹੈ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਪਾਸੋਂ ਟੀਕਿਆਂ ਅਤੇ ਆਕਸੀਜਨ ਦੀ ਮੰਗ ਕੀਤੀ ਜਾ ਰਹੀ ਹੈ।