ਗੁਰਬਖਸ਼ਪੁਰੀ
ਤਰਨ ਤਾਰਨ, 13 ਅਕਤੂਬਰ
ਸਥਾਨਕ ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਸੜਕਾਂ-ਬਾਜ਼ਾਰਾਂ ਆਦਿ ਤੇ ਕੀਤੇ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਲਈ ਅੱਜ ਕੀਤੀ ਅਚਾਨਕ ਕਾਰਵਾਈ ਕੀਤੀ ਗਈ। ਦੂਜੇ ਪਾਸੇ ਦੁਕਾਨਦਾਰ ਕਾਰਵਾਈ ਦੇ ਇਸ ਤਰੀਕੇ ਤੋਂ ਨਾਰਾਜ਼ ਹਨ| ਕਾਰਵਾਈ ਦੌਰਾਨ ਮੁਲਾਜ਼ਮਾਂ ਨੇ ਬਾਜ਼ਾਰਾਂ ਵਿੱਚ ਸੜਕਾਂ ’ਤੇ ਕਥਿਤ ਨਾਜਾਇਜ਼ ਕਬਜ਼ੇ ਕਰਕੇ ਰੱਖਿਆ ਸਾਮਾਨ ਚੁੱਕ ਲਿਆ।
ਇਸੇ ਦੌਰਾਨ ਦੁਕਾਨਦਾਰਾਂ ਦੇ ਆਗੂ ਅਸ਼ਵਨੀ ਕੁਮਾਰ ਕੁੱਕੂ ਤੋਂ ਇਲਾਵਾ ਸੁਤੰਤਰ ਕੁਮਾਰ ਪੱਪੀ, ਰਾਮ ਗੋਪਾਲ ਆਦਿ ਨੇ ਕਿਹਾ ਕਿ ਨਗਰ ਕੌਂਸਲ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਟਰੈਕਟਰ-ਟਰਾਲੀਆਂ ਲੈ ਕੇ ਇਹ ਕਾਰਵਾਈ ਕੀਤੀ| ਉਨ੍ਹਾਂ ਕਿਹਾ ਕਿ ਕੌਂਸਲ ਦੇ ਮੁਲਾਜ਼ਮਾਂ ਅਚਾਨਕ ਤਹਿਸੀਲ ਬਾਜ਼ਾਰ, ਸਰਾਫਾ ਬਾਜ਼ਾਰ, ਅੱਡਾ ਬਾਜ਼ਾਰ, ਮੇਨ ਸੜਕ ਆਦਿ ’ਤੇ ਜਾ ਕੇ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਆਦਿ ਜ਼ਬਤ ਕਰਕੇ ਨਗਰ ਕੌਂਸਲ ਦੇ ਕੰਪਲੈਕਸ ਅੰਦਰ ਲੈ ਗਏ| ਦੁਕਾਨਦਾਰਾਂ ਦੇ ਆਗੂਆਂ ਕਿਹਾ ਕਿ ਦੁਕਾਨਦਾਰਾਂ ਦਾ ਸਮਾਨ ਜ਼ਬਤ ਕਰਨ ਦੀ ਕਿਸੇ ਦੁਕਾਨਦਾਰ ਨੂੰ ਸੂਚਨਾ ਤੱਕ ਵੀ ਨਹੀਂ ਦਿੱਤੀ ਗਈ ਜਿਹੜੀ ਕਿ ਨਿਯਮਾਂ ਅਧੀਨ ਦਿੱਤੀ ਜਾਣੀ ਹੁੰਦੀ ਹੈ| ਆਗੂਆਂ ਕਿਹਾ ਕਿ ਵਧੇਰੇ ਵਾਰ ਨਗਰ ਕੌਂਸਲ ਵਲੋਂ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਜੁਰਮਾਨਾ ਹੀ ਪਾਇਆ ਜਾਂਦਾ ਹੈ| ਕਾਰਵਾਈ ਦਾ ਵਿਰੋਧ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਕੌਂਸਲ ਨੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ|
ਕਿਸੇ ਦੁਕਾਨਦਾਰ ਦਾ ਸਾਮਾਨ ਨਹੀਂ ਚੁੱਕਿਆ: ਕਾਰਜਸਾਧਕ ਅਫਸਰ
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਅੱਜ ਸ਼ਹਿਰ ਅੰਦਰੋਂ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਲਈ ਸੜਕਾਂ ਤੇ ਬਾਜ਼ਾਰਾਂ ਤੋਂ ਦੋ ਟਰਾਲੀਆਂ ਭਰ ਕੇ ਸਾਮਾਨ ਚੁੱਕਿਆ ਗਿਆ ਹੈ ਜਿਹੜਾ ਕਿਸੇ ਦੁਕਾਨਦਾਰ ਦਾ ਨਹੀਂ ਸੀ| ਉਨ੍ਹਾਂ ਕਿਹਾ ਕਿ ਇਹ ਸਾਮਾਨ ਆਦਿ ਸੜਕਾਂ-ਬਾਜ਼ਾਰਾਂ ਦੀ ਸਫ਼ਾਈ ਕਰਦਿਆਂ ਚੁੱਕਿਆ ਗਿਆ ਹੈ।