ਰਾਜਨ ਮਾਨ
ਰਮਦਾਸ, 1 ਫਰਵਰੀ
ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਦਿਨੋ ਦਿਨ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਹਲਕੇ ਅੰਦਰ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਤਿਕੋਣੀ ਟੱਕਰ ਬਣ ਗਈ ਹੈ। ਹਲਕੇ ਅੰਦਰ ਝਾੜੂ ਪੰਜੇ ਤੇ ਤੱਕੜੀ ਦਾ ਗਣਿਤ ਵਿਗਾੜਦਾ ਨਜ਼ਰ ਆ ਰਿਹਾ ਹੈ। ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਮੈਦਾਨ ’ਚ ਉਤਾਰਿਆ ਹੈ ਜਦੋਂਕਿ ਅਕਾਲੀ ਦਲ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ‘ਆਪ’ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਮੈਦਾਨ ’ਚ ਉਤਾਰਿਆ ਹੈ। ਇਸ ਹਲਕੇ ’ਚ ਕਾਂਗਰਸ ਤੇ ਅਕਾਲੀ ਦਲ ਦਾ ਜ਼ਿਆਦਾ ਕਬਜ਼ਾ ਰਿਹਾ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਜੇਤੂ ਰਹੇ ਸਨ। ਉਨ੍ਹਾਂ ਨੇ 61,378 ਵੋਟਾਂ ਪ੍ਰਾਪਤ ਕੀਤੀਆਂ ਸਨ ਜਦੋਂਕਿ ਅਕਾਲੀ ਦਲ ਦੇ ਉਮੀਦਵਾਰ ਨੇ ਅਮਰਪਾਲ ਸਿੰਘ ਬੋਨੀ ਨੇ 42,665 ਤੇ ‘ਆਪ’ ਦੇ ਰਾਜਪ੍ਰੀਤ ਸਿੰਘ ਨੇ 12749 ਵੋਟਾਂ ਲਈਆਂ ਸਨ। ਕਾਂਗਰਸ ਨੂੰ 50.79 ਪ੍ਰਤੀਸ਼ਤ, ਅਕਾਲੀ ਦਲ ਨੂੰ 35.31 ਤੇ ਆਪ ਨੂੰ 10.55 ਪ੍ਰਤੀਸ਼ਤ ਵੋਟਾਂ ਪਈਆਂ ਸਨ। ਇਸ ਵਾਰ ਚੋਣਾਂ ਦਾ ਐਲਾਨ ਹੋਣ ਸਮੇਂ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰ ਵਿਚਾਲੇ ਨਜ਼ਰ ਆ ਰਿਹਾ ਸੀ। ਪਿਛਲੇ ਕੁਝ ਦਿਨਾਂ ’ਚ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਅੱਜ ‘ਆਪ’ ਦਾ ਉਮੀਦਵਾਰ ਬਰਾਬਰੀ ਦੀ ਟੱਕਰ ਦੇ ਮੁਕਾਮ ’ਤੇ ਆਣ ਖੜ੍ਹਾ ਹੋਇਆ ਹੈ। ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਭਾਵੇਂ ਖੁੱਲ੍ਹ ਕੇ ਕਿਸੇ ਪਾਰਟੀ ਦਾ ਨਾਂ ਨਹੀਂ ਸਨ ਲੈ ਰਹੇ ਪਰ ਇੱਕ ਗੱਲ ਉਹ ਸਪਸ਼ਟ ਕਹਿਣੋ ਨਹੀਂ ਸਨ ਝਿਜਕ ਰਹੇ ਕਿ ਉਹ ਇਸ ਵਾਰ ਬਦਲਾਅ ਚਾਹੁੰਦੇ ਹਨ। ਰਮਦਾਸ ਨੇੜੇ ਪਿੰਡ ਬੌਲੀ ਦੇ ਲੱਖਾ ਸਿੰਘ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਰਿਸ਼ਤੇਦਾਰ ਕਹਿੰਦਿਆਂ ਵਿਅੰਗ ਕੀਤਾ ਕਿ ਰਿਸ਼ਤੇਦਾਰਾਂ ਨੂੰ ਬਹੁਤ ਵੇਖ ਲਿਆ ਹੈ, ਹੁਣ ਨਵੀਂ ਰਿਸ਼ੇਤਦਾਰੀ ਪਾਉਣ ਦਾ ਮੂਡ ਹੈ। ਉਸਦਾ ਇਸ਼ਾਰਾ ‘ਆਪ’ ਵੱਲ ਨਜ਼ਰ ਆ ਰਿਹਾ ਸੀ। ਇਸੇ ਤਰ੍ਹਾਂ ਪਿੰਡ ਜੱਟਾ ਪੱਛੀਆਂ ਦੇ ਇੱਕ ਨੌਜਵਾਨ ਨੇ ਕਿਹਾ ਕਿ ਸਾਰੇ ਵੇਖ ਲਏ ਹਨ ਇਸ ਵਾਰ ਝਾੜੂ ਨੂੰ ਮੌਕਾ ਦੇਣਾ ਚਾਹੀਦਾ ਹੈ।
ਪਿੰਡ ਚਮਿਆਰੀ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ ਕੁਝ ਵੱਖਰਾ ਕਰਨ ਦਾ ਮੂਡ ਹੈ। ਲੋਕ ਵਿਕਾਸ ਨਾਲ ਨਸ਼ਿਆਂ ਤੇ ਰੁਜ਼ਗਾਰ ਦੇ ਮੁੱਦਿਆਂ ’ਤੇ ਵੀ ਗੱਲ ਕਰ ਰਹੇ ਹਨ। ਹਲਕੇ ’ਚ ਔਰਤਾਂ ਦੀ ਰਾਇ ਵੀ ਕੋਈ ਵੱਖਰੀ ਨਹੀਂ। ‘ਆਪ’ ਦੇ ਵਧ ਰਹੇ ਪਸਾਰ ਕਾਰਨ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਵਿੱਚ ਬੇਚੈਨੀ ਵਧ ਰਹੀ ਹੈ। ਕਾਂਗਰਸ ਤੇ ਅਕਾਲੀ ਦਲ ਦੇ ਕਈ ਸਾਬਕਾ ਸਰਪੰਚ ਤੇ ਹੋਰ ਆਗੂ ਪਿਛਲੇ ਦਿਨਾਂ ਵਿੱਚ ‘ਆਪ’ ’ਚ ਸ਼ਾਮਲ ਹੋਏ ਹਨ। ਉਧਰ, ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਤੇ ਅਕਾਲੀ ਦਲ ਦੇ ਉਮੀਦਵਾਰ ਬੋਨੀ ਅਜਨਾਲਾ ਵੱਲੋਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਹਾਲ ਦੀ ਘੜੀ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਨੇ ਇਨ੍ਹਾਂ ਦੋਹਾਂ ਉਮੀਦਵਾਰਾਂ ਅੰਦਰ ਹਲਚਲ ਪੈਦਾ ਕਰ ਦਿੱਤੀ ਹੈ ਬਾਕੀ ਆਉਣ ਵਾਲੇ ਦਿਨਾਂ ’ਚ ਹਾਲਾਤ ਕੀ ਬਣਦੇ ਹਨ ਇਹ ਤਾਂ ਵਕਤ ਹੀ ਦੱਸੇਗਾ। ਹਾਲ ਦੀ ਘੜੀ ਇਸ ਹਲਕੇ ਤੋਂ ਤਿਕੋਣੀ ਟੱਕਰ ਬਣ ਗਈ ਹੈ।