ਐੱਨਪੀ ਧਵਨ
ਪਠਾਨਕੋਟ, 21 ਫਰਵਰੀ
ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ’ਤੇ ਸਾਲ 2017 ਸਮੇਂ ਹੋਈਆਂ ਚੋਣਾਂ ਤੋਂ ਕਰੀਬ ਤਿੰਨ ਫੀਸਦ ਘੱਟ ਮਤਦਾਨ ਹੋਇਆ ਹੈ। ਚੋਣ ਨਤੀਜਿਆਂ ਨੂੰ ਲੈ ਕੇ ਫਿਲਹਾਲ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਜਦ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਣ ਅਤੇ ਲੋਕਾਂ ਦੇ ਰੁਖ ਨੂੰ ਲੈ ਕੇ ਹੁਣ ਸਥਿਤੀ ਸਪੱਸ਼ਟ ਨਹੀਂ ਹੋ ਰਹੀ। ਰਾਜਨੀਤਿਕ ਜਾਣਕਾਰਾਂ ਦਾ ਮੰਨਣਾ ਹੈ ਕਿ ਜ਼ਿਲ੍ਹੇ ਵਿੱਚ ਵੋਟਿੰਗ ਦਾ ਟਰੈਂਡ ਲਗਪਗ ਹਰ ਚੋਣ ਵਿੱਚ ਅਜਿਹਾ ਹੀ ਰਹਿੰਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਇਸ ਵਾਰ ਇਹ ਤੈਅ ਹੀ ਨਹੀਂ ਕਰ ਸਕੇ ਕਿ ਕਿਸ ਨੂੰ ਵੋਟ ਦਿੱਤਾ ਜਾਵੇ ਅਤੇ ਅੰਤ ਤੱਕ ਦੁਚਿਤੀ ਵਿੱਚ ਰਹੇ। ਕੁੱਝ ਲੋਕ ਮੌਜੂਦਾ ਸਰਕਾਰ ਤੋਂ ਨਾਰਾਜ਼ ਸਨ ਤੇ ਕਾਫੀ ਲੋਕਾਂ ਦਾ ਮੰਨਣਾ ਹੈ ਕਿ ਵਿਰੋਧ ਪੱਖ ਵੀ ਬੀਤੇ 5 ਸਾਲਾਂ ਵਿੱਚ ਖਾਮੋਸ਼ ਹੀ ਰਿਹਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਬੀਤੇ ਕੱਲ੍ਹ ਹੋਏ ਮਤਦਾਨ ਵਿੱਚ ਜ਼ਿਲ੍ਹੇ ਵਿੱਚ ਕੁੱਲ 74.68 ਫੀਸਦੀ ਵੋਟਾਂ ਪੋਲ ਹੋਈਆਂ ਜਦ ਕਿ 25.32 ਫੀਸਦੀ ਮਤਦਾਤਾ ਵੋਟਿੰਗ ਤੋਂ ਨਦਾਰਦ ਰਹੇ। ਇਸ ਵਾਰ ਜ਼ਿਲ੍ਹੇ ਵਿੱਚ 74.68 ਫੀਸਦੀ ਮਤਦਾਨ ਹੋਇਆ ਹੈ ਜਦ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹੇ ਅੰਦਰ 77.61 ਫੀਸਦ ਮਤਦਾਨ ਹੋਇਆ ਸੀ। ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ ਇਥੇ 2017 ਵਿੱਚ 76.49 ਫੀਸਦ ਵੋਟਾਂ ਪਈਆਂ ਸਨ, ਬੀਤੇ ਕੱਲ੍ਹ ਹੋਏ ਮਤਦਾਨ ਵਿੱਚ ਹਲਕੇ ਵਿੱਚ 73.82 ਫੀਸਦ ਵੋਟਾਂ ਪਈਆਂ। ਜਦ ਕਿ ਭੋਆ ਵਿੱਚ 2017 ਵਿੱਚ 76.51 ਫੀਸਦ ਵੋਟ ਪਈਆਂ ਅਤੇ ਇਸ ਵਾਰ 73.90 ਫੀਸਦੀ ਹੀ ਵੋਟਾਂ ਪਈਆਂ।