ਗੁਰਬਖ਼ਸ਼ਪੁਰੀ
ਤਰਨ ਤਾਰਨ, 18 ਫਰਵਰੀ
ਚਾਰ ਹਲਕਿਆਂ ਵਾਲੇ ਸਰਹੱਦੀ ਖੇਤਰ ਦੇ ਇਸ ਜ਼ਿਲ੍ਹੇ ਅੰਦਰ ਹਰ ਹਲਕੇ ਤੋਂ ਤਿੰਨ-ਕੋਨੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ| ਇਸ ਸਥਿਤੀ ਵਿੱਚ ਕਾਂਗਰਸ ਪਾਰਟੀ ਲਈ 2017 ਵਾਲੀ ਉਹ ਸਥਿਤੀ ਬਰਕਰਾਰ ਰੱਖਣੀ ਮੁਸ਼ਕਲ ਬਣ ਗਈ ਹੈ ਜਦੋਂ ਪਾਰਟੀ ਨੇ ਚਾਰ ਦੀਆਂ ਚਾਰ ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ| ਇਸ ਹਾਲਤ ਲਈ ਜਿਥੇ ਹੋਰ ਮਸਲੇ-ਮੁੱਦੇ ਕੰਮ ਕਰ ਰਹੇ ਹਨ ਉਥੇ ਆਪ ਵਲੋਂ ਹੇਠਲੇ ਪੱਧਰ ਦੇ ਵੋਟਰ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋਣਾ ਵੀ ਕਾਂਗਰਸ ਅਤੇ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ| ਇਹ ਇਕ ਹਕੀਕਤ ਹੈ ਕਿ ਜ਼ਿਲ੍ਹੇ ਅੰਦਰ ਅਕਾਲੀ ਦਲ ਕੋਲ ਪਹਿਲਾਂ ਹੀ ਇਕ ਬਝਵਾਂ ਕਾਡਰ ਹੈ ਅਤੇ ਪਿੰਡਾਂ ਦੀਆਂ ਵਧੇਰੇ ਪੰਚਾਇਤਾਂ ਸਮੇਤ ਦਿਹਾਤੀ ਖੇਤਰ ਦੇ ਨਾਲ ਸਬੰਧਤ ਸੰਸਥਾਵਾਂ ’ਤੇ ਕਾਂਗਰਸ ਦਾ ਕਬਜ਼ਾ ਹੈ| ਜ਼ਿਲ੍ਹੇ ਅੰਦਰ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ 1997 ਦੀ ਚੋਣ ਤੋਂ ਲੈ ਕੇ ਲਗਾਤਾਰ ਚਾਰ ਵਾਰ ਪੱਟੀ ਹਲਕੇ ਤੋਂ ਜਿੱਤਦੇ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਆਪਣੀ ਰਾਜਸੀ ਹੋਂਦ ਨੂੰ ਬਚਾਉਣਾ ਚੁਣੌਤੀ ਬਣਿਆ ਹੋਇਆ ਹੈ| ਜ਼ਿਲ੍ਹੇ ਦੀਆਂ ਚਾਰ ਸੀਟਾਂ ਤੋਂ ਕੁੱਲ 46 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ| ਸੰਯੁਕਤ ਸਮਾਜ ਮੋਰਚਾ ਕਿਸਾਨਾਂ ਦੇ ਵੱਡੇ ਹਿੱਸੇ ਨੂੰ ਆਪਣੇ ਵੱਲ ਖਿਚਣ ਵਿੱਚ ਸਫਲ ਨਹੀਂ ਹੋ ਸਕਿਆ|
ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਦਾ ਮੁਕਾਬਲਾ ਉਨ੍ਹਾਂ ਦੇ ਪੁਰਾਣੇ ਰਾਜਸੀ ਵਿਰੋਧੀ ਕਾਂਗਰਸ ਪਾਰਟੀ ਦੇ ਰਮਨਜੀਤ ਸਿੰਘ ਸਿੱਕੀ ਅਤੇ ਆਪ ਦੇ ਮਨਜਿੰਦਰ ਸਿੰਘ ਲਾਲਪੁਰਾ ਨਾਲ ਹੈ| ਆਮ ਲੋਕਾਂ ਨੇ ਆਪ ਦੇ ਉਮੀਦਵਾਰ ਮਨਜਿੰਦਰ ਸਿੰਘ ਲਾਲਪੁਰਾ ਵੀ ਚੋਣ ਮੈਦਾਨ ’ਚ ਡਟੇ ਹੋਏ ਹਨ| ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਉਰਫ ਰਾਜਨ ਗਿੱਲ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਵੀ ਲਾਹਾ ਮਿਲ ਰਿਹਾ ਹੈ| ਹਲਕੇ ਤੋਂ 1997 ਤੋਂ ਲਗਾਤਾਰ 20 ਸਾਲ ਤੱਕ ਵਿਧਾਇਕ ਬਣਦੇ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ 15 ਸਾਲ ਤਾਂ ਮੰਤਰੀ ਰਹੇ ਹਨ| ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਹਲਕੇ ਦੇ ਹਰ ਕੋਨੇ ਤੋਂ ਤਸੱਲੀਬਖਸ਼ ਹੁੰਗਾਰਾ ਮਿਲ ਰਿਹਾ ਹੈ| ਕਾਗਰਸ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵੀ ਆਪਣੇ ਕੀਤੇ ਕੰਮਾਂ ਕਰਕੇ ਅਤੇ ਲੋਕਾਂ ਵਿੱਚ ਵਿਚਰਦੇ ਰਹਿਣ ਦੀ ਦੁਹਾਈ ਦੇ ਰਿਹਾ ਹੈ| ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਲੋਕਾਂ ਦੀਆਂ ਟਿੱਪਣੀਆਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ| ਵਲਟੋਹਾ ਹਲਕੇ ਵਿੱਚ ਜਿਥੇ ਆਪ ਦੇ ਸਰਵਣ ਸਿੰਘ ਧੁੰਨ ਨੇ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਹਲਕਿਆਂ ਵਿੱਚ ਸੰਨ੍ਹ ਲਗਾਈ ਹੈ ਉਥੇ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਹਰ ਪਰਿਵਾਰ ਨਾਲ ਜਾਤੀ ਤੌਰ ’ਤੇ ਜਾਨ ਪਛਾਣ ਦਾ ਫਾਇਦਾ ਹੋ ਰਿਹਾ ਹੈ| ਵਲਟੋਹਾ ਹਲਕੇ ਤੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਪਾਰਟੀ ਦਾ ਟਿਕਟ ਮਿਲਣ ਵਿੱਚ ਹੋਏ ਬੇਲੋੜੀ ਦੇਰੀ ਨੇ ਬਹੁਤ ਪਿੱਛੇ ਕਰ ਦਿੱਤਾ ਹੈ|