ਹਰਜੀਤ ਸਿੰਘ ਪਰਮਾਰ
ਬਟਾਲਾ, 13 ਅਗਸਤ
ਇਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਅੱਜ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ, ਜਿਸ ਵਿੱਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਸ੍ਰੀ ਹਰੋਗਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ, ਐੱਸਐੱਸਪੀ ਬਟਾਲਾ ਸਤਿੰਦਰ ਸਿੰਘ, ਐਸਡੀਐਮ ਬਟਾਲਾ ਸ਼ਾਇਰੀ ਭੰਡਾਰੀ, ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਡੀਪੀਆਰਓ ਇੰਦਰਜੀਤ ਸਿੰਘ ਬਾਜਵਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੋਹਤਬਰਾਂ ਨੇ ਸ਼ਿਰਕਤ ਕੀਤੀ। ਤਿਰੰਗਾ ਰੈਲੀ ਕੱਢਣ ਤੋਂ ਪਹਿਲਾਂ ਸ਼ਿਵ ਆਡੀਟੋਰੀਅਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਕੱਠ ਨੂੰ ਸੰਬੋਧਨ ਕੀਤਾ।
ਫਗਵਾੜਾ (ਜਸਬੀਰ ਸਿੰਘ ਚਾਨਾ): ਇਥੋਂ ਦੇ ਰੈੱਸਟ ਹਾਊਸ ਤੋਂ ਅੱਜ ਤਿਰੰਗਾ ਮਾਰਚ ਕੱਢਿਆ ਗਿਆ ਜੋ ਹਰਗੋਬਿੰਦ ਨਗਰ, ਬੰਗਾ ਰੋਡ, ਸਰਾਏ ਰੋਡ, ਸਿਨੇਮਾ ਰੋਡ, ਜੀ.ਟੀ.ਰੋਡ ਹੁੰਦਾ ਹੋਇਆ ਟਾਊਨ ਹਾਲ ’ਚ ਪੁੱਜਾ ਜਿਥੇ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ ਗਏ। ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਆਜ਼ਾਦੀ ਦਿਹਾੜੇ ’ਤੇ ਆਪਣੇ ਵਿਚਾਰ ਪ੍ਰਗਟਾਏ ਤੇ ਆਉਂਦੀਆਂ ਪੀੜ੍ਹੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਜਲੰਧਰ (ਨਿਜੀ ਪੱਤਰ ਪ੍ਰੇਰਕ): ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੀ ਅਗਵਾਈ ਵਿੱਚ ਹਲਕੇ ਦੇ ਸਮਰਥਕਾਂ ਵੱਲੋਂ ਅੱਜ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿੱਚ ਹਲਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਵਿਧਾਇਕ ਪਰਗਟ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਦਿਆਂ ਕਿਹਾ ਕਿ ਆਜ਼ਾਦੀ ਲਈ ਬਲੀਦਾਨ ਦੇਣ ਵਾਲਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਅਟਾਰੀ (ਪੱਤਰ ਪ੍ਰੇਰਕ): ਭਾਜਪਾ ਵਰਕਰਾਂ ਨੇ ਅੱਜ ਪੰਜਾਬ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਭਾਜਪਾ ਦੇ ਹਲਕਾ ਇੰਚਾਰਜ ਡਾ. ਸ਼ੁਸ਼ੀਲ ਕੁਮਾਰ ਦੇਵਗਨ ਦੀ ਅਗਵਾਈ ਹੇਠ ਭਾਰਤ ਮਾਂ ਜਿੰਦਾਬਾਦ ਦੇ ਨਾਅਰਿਆਂ ਨਾਲ ਸਰਹੱਦੀ ਪਿੰਡ ਅਟਾਰੀ ਵਿੱਚ ਤਿਰੰਗਾ ਯਾਤਰਾ ਕੱਢੀ ਗਈ।