ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 21 ਨਵੰਬਰ
ਇੱਥੋਂ ਨਜ਼ਦੀਕੀ ਮਾਨਾਂਵਾਲਾ ਜੀਟੀ ਰੋਡ ਸਥਿਤ ਪਿੰਗਲਵਾੜਾ ਬ੍ਰਾਂਚ ਵਿੱਚ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਨਬਿੇੜਾ ਕਰਨ ਵਾਸਤੇ ਲਗਾਏ ਯੰਤਰ (ਇਨਸਿਨੇਰੇਟਰ) ਦਾ ਉਦਘਾਟਨ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਇਸ ਪ੍ਰਾਜੈਕਟ ’ਤੇ ਕੁੱਲ 20 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ, ਜਿਸ ਦੀ ਪੂਰੀ ਸੇਵਾ ਪਿੰਗਲਵਾੜਾ ਬਿਰਧ ਘਰ (ਆਪਣਾ ਘਰ) ਵਿਚ ਰਹਿ ਰਹੇ ਹਰਬੰਸ ਸਿੰਘ ਵਾਸੀ ਪਿੰਡ ਏਕਲਗੱਡਾ ਜ਼ਿਲ੍ਹਾ ਤਰਨਤਾਰਨ ਨੇ ਆਪਣੀ ਮਾਤਾ ਕਰਤਾਰ ਕੌਰ ਅਤੇ ਪਿਤਾ ਮੇਵਾ ਸਿੰਘ ਦੀ ਨਿੱਘੀ ਯਾਦ ਵਿਚ ਕਰਵਾਈ ਹੈ। ਇਸ ਇਨਸਿਨੇਰੇਟਰ ਦਾ ਮੁੱਖ ਕੰਮ ਮੈਡੀਕਲ ਰਹਿੰਦ-ਖੂੰਦ ਨੂੰ ਮਸ਼ੀਨ ਵਿਚ ਪਾ ਕੇ ਸਾੜਨਾ ਅਤੇ ਇਸ ਨਾਲ ਪੈਦਾ ਹੋਏ ਪ੍ਰਦੂਸ਼ਣ ਦਾ ਖਿਆਲ ਰੱਖਦੇ ਹੋਏ ਧੂੰਏਂ ਦਾ ਉਚਿਤ ਨਬਿੇੜਾ ਕਰਨਾ ਹੈ। ਉਨ੍ਹਾਂ ਕਿਹਾ ਇਸ ਕਾਰਜ ਲਈ ਇਸ ਇਨਸਿਨੇਰੇਟਰ ਦੇ ਨਾਲ ਸੌ ਫੁੱਟ ਉੱਚੀ ਚਿਮਨੀ ਲਗਾਈ ਗਈ ਹੈ, ਜਿਸ ਰਾਹੀਂ ਸਾਰਾ ਧੂੰਆਂ ਜ਼ਮੀਨ ਤੋਂ ਸੌ ਫੁੱਟ ਉੱਪਰ ਭੇਜਣ ਦਾ ਪ੍ਰਬੰਧ ਹੈ।
ਇਸ ਤੋਂ ਬਾਅਦ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮਾਨਾਂਵਾਲਾ ਵਿੱਚ ਰੀੜ੍ਹ ਦੀ ਹੱਡੀ ਦੇ ਪੀੜਤਾਂ ਦੇ ਕੇਂਦਰ ਦਾ ਵੀ ਦੌਰਾ ਕੀਤਾ, ਜਿਥੇ ਉਨ੍ਹਾਂ ਨੂੰ ਪੀੜਤਾਂ ਦੇ ਮੁੜ ਵਸੇਬੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਗਈ।