ਪੱਤਰ ਪ੍ਰੇਰਕ
ਪਠਾਨਕੋਟ, 9 ਜੂਨ
2 ਗੁੱਟਾਂ ਵਿੱਚ ਹੋ ਰਹੇ ਝਗੜੇ ਨੂੰ ਛੁਡਾ ਰਹੇ ਇੱਕ ਨੌਜਵਾਨ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇੱਕ ਗੁੱਟ ਨੇ ਝਗੜਾ ਛੁਡਾਉਣ ਵਾਲੇ ’ਤੇ ਹੀ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਵੱਲੋਂ ਹਮਲਾਵਰਾਂ ’ਤੇ ਅਜੇ ਤੱਕ ਮਾਮਲਾ ਦਰਜ ਨਾ ਕਰਨ ਕਰਕੇ ਜ਼ਖ਼ਮੀ ਨੌਜਵਾਨ ਅਤੇ ਉਸ ਦੇ ਪਰਿਵਾਰ ਵਿੱਚ ਭਾਰੀ ਰੋਸ ਹੈ।
ਪਠਾਨਕੋਟ ਦੇ ਸੈਲੀ ਕੁੱਲੀਆਂ ਵਾਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ 29 ਤਰੀਕ ਨੂੰ ਉਸ ਦੇ ਘਰ ਦੇ ਬਾਹਰ 2 ਗੁੱਟਾਂ ਦਾ ਝਗੜਾ ਹੋ ਰਿਹਾ ਸੀ ਤਾਂ ਉਹ ਛੁਡਾਉਣ ਲੱਗ ਗਿਆ ਤਾਂ ਇੱਕ ਗੁੱਟ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਫਿਰ ਉਸ ਦਾ ਨਿੱਜੀ ਹਸਪਤਾਲ ’ਚ ਇਲਾਜ ਚੱਲਿਆ ਪਰ ਇੰਨੇ ਦਿਨ ਬੀਤ ਜਾਣ ਮਗਰੋਂ ਵੀ ਥਾਣਾ ਡਵੀਜ਼ਨ ਨੰਬਰ 2, ਦੀ ਪੁਲੀਸ ਨੇ ਮੁਲਜਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ। ਪੁਲੀਸ ਦੇ ਜਾਂਚ ਅਧਿਕਾਰੀ ਏਐੱਸਆਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਅਤੇ ਪੀੜਤ ਦੇ ਬਿਆਨ ਲੈ ਲਏ ਹਨ ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।