ਐਨ ਪੀ ਧਵਨ
ਪਠਾਨਕੋਟ, 21 ਜੂਨ
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਜੌਏ ਸ਼ਰਮਾ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਉਨ੍ਹਾਂ ਹਸਪਤਾਲ ਦੇ ਹਰ ਵਾਰਡ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਟਰੌਮਾ ਵਾਰਡ ਅਤੇ ਬਲੱਡ ਬੈਂਕ ਵਿੱਚ ਵੀ ਹਰ ਪਹਿਲੂ ਦੀ ਜਾਂਚ ਕੀਤੀ ਅਤੇ ਬਲੱਡ ਦਾ ਸਟਾਕ ਅਤੇ ਰੋਜ਼ਾਨਾ ਮਰੀਜ਼ਾਂ ਨੂੰ ਲੱਗਣ ਵਾਲੇ ਬਲੱਡ ਦੀ ਜਾਣਕਾਰੀ ਹਾਸਲ ਕੀਤੀ। ਉਥੇ ਹੀ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਉਨ੍ਹਾਂ ਨੇ ਦਵਾਈਆਂ ਦਾ ਸਟਾਕ ਚੈਕ ਕੀਤਾ। ਉਨ੍ਹਾਂ ਮਾਈਨਰ ਅਪਰੇਸ਼ਨ ਥੀਏਟਰ ਵਿੱਚ ਲੱਗੇ ਖ਼ਰਾਬ ਏਸੀ ਨੂੰ ਠੀਕ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਓਪੀਡੀ ਕਾਊਂਟਰ ਅਤੇ ਡਿਸਪੈਂਸਰੀ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਉਥੇ ਮੌਜੂਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਫੀਡਬੈਕ ਲਈ ਜਿਸ ਦੇ ਬਾਅਦ ਉਨ੍ਹਾਂ ਨੇ ਦਵਾਈਆਂ ਦੇ ਸਟੋਰ ਵਿੱਚ ਜਾ ਕੇ ਦਵਾਈਆਂ ਦੀ ਐਕਸਪਾਇਰੀ ਤਰੀਕ ਨੂੰ ਵੀ ਚੈਕ ਕੀਤਾ। ਪ੍ਰਿੰਸੀਪਲ ਸੈਕਟਰੀ ਅਜੌਏ ਸ਼ਰਮਾ ਜਦੋਂ ਨਸ਼ਾ ਛੁਡਾਓ ਕੇਂਦਰ ਵਿੱਚ ਪੁੱਜੇ ਤਾਂ ਉਨ੍ਹਾਂ ਨੇ ਸਾਰੇ ਸਟਾਫ ਨੂੰ ਉਥੋਂ ਦੂਸਰੇ ਕਮਰੇ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਜਿਸ ਦੇ ਬਾਅਦ ਉਨ੍ਹਾਂ ਨੇ ਦਵਾਈਆਂ ਲੈਣ ਲਈ ਆਏ ਨਸ਼ੇ ਦੇ ਆਦੀ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ। ਉਨ੍ਹਾਂ ਅੱਧਾ ਘੰਟਾ ਨੌਜਵਾਨਾਂ ਨਾਲ ਇੱਕ-ਇੱਕ ਕਰ ਕੇ ਗੱਲ ਕੀਤੀ ਅਤੇ ਨਸ਼ਾ ਛੁਡਾਓ ਕੇਂਦਰ ਤੋਂ ਜੋ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਬਾਰੇ ਪੁੱਛਿਆ ਕਿ ਉਨ੍ਹਾਂ ਦੀਆਂ ਦਵਾਈਆਂ ਸਮੇਂ ਸਿਰ ਮਿਲ ਰਹੀਆਂ ਹਨ ਜਾਂ ਨਹੀਂ। ਅਖੀਰ ਵਿੱਚ ਉਨ੍ਹਾਂ ਸਿਵਲ ਸਰਜਨ ਦਫਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕੰਮਕਾਜ ਦੀ ਸਮੀਖਿਆ ਕੀਤੀ।