ਗੁਰਬਖ਼ਸ਼ਪੁਰੀ
ਤਰਨ ਤਾਰਨ, 20 ਨਵੰਬਰ
ਕਿਸਾਨਾਂ ਵਲੋਂ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਸ਼ੁਰੂ ਕੀਤੇ ਅੰਦੋਲਨ ’ਤੇ ਵਿਚਾਰ ਗੋਸ਼ਟੀ ਕਰਕੇ ਬੁੱਧੀਜੀਵੀਆਂ ਦੇ ਵਿਚਾਰ ਲਏ ਗਏ ਕਿ ਅੰਦੋਲਨ ਨੂੰ ਕਿਹੜੀ ਦਿਸ਼ਾ ਜਾ ਦਸ਼ਾ ਦਿੱਤੀ ਜਾਵੇ। ਇਹ ਵਿਚਾਰ ਗੋਸ਼ਟੀ ਤਰਨ ਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਵਿਚ ਭਾਈ ਗੁਰਦਾਸ ਅਕੈਡਮੀ ਵਿਚ ਕੀਤੀ ਗਈ।
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਦੇਸ਼ ਭਰ ਦੀਆ 500 ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲ ਚੁੱਕਾ ਹੈ ਅਤੇ 26-27 ਨਵੰਬਰ ਨੂੰ ਦਿੱਲੀ ਨੂੰ ਘੇਰਨ ਦੀ ਵਿਉਂਤਬੰਦੀ ਕਰ ਚੁੱਕੇ ਹਨ ਅਤੇ ਜਿਥੇ ਵੀ ਉਨ੍ਹਾਂ ਨੂੰ ਰੋਕਿਆ ਗਿਆ। ਉਨ੍ਹਾਂ ਵਲੋਂ ਉਥੇ ਹੀ ਧਰਨਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਸਵਿੰਦਰ ਸਿੰਘ ਚੁਤਾਲਾ ਕਿਸਾਨ ਆਗੂ ਨੇ ਅੱਜ ਦੀ ਵਿਚਾਰ ਗੋਸ਼ਟੀ ਇਸੇ ਕਰਕੇ ਕੀਤੀ ਗਈ ਹੈ ਕਿ ਸਾਰੇ ਧਰਮਾਂ ਦੇ ਲੋਕ ਸਾਨੂੰ ਆਪਣਾ ਸਮਰਥਨ ਦੇਣ।
ਗੁਰਦਾਸਪੁਰ (ਜਤਿੰਦਰ ਬੈਂਸ): ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਿਹਾ ਰੋਸ ਧਰਨਾ ਅੱਜ 51ਵੇਂ ਦਿਨ ਵੀ ਜਾਰੀ ਰਿਹਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 41ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਗੁਰਦੀਪ ਸਿੰਘ ਖੁਣ-ਖੁਣ, ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ ਸਟਿਆਣਾ, ਦਵਿੰਦਰ ਸਿੰਘ ਕੱਕੋਂ, ਅਕਬਰ ਸਿੰਘ ਆਦਿ ਦੀ ਅਗਵਾਈ ਹੇਠ ਅੱਜ ਦੇ ਧਰਨੇ ਵਿਚ ਕਿਸਾਨਾਂ ਤੋਂ ਇਲਾਵਾ ਹੋਰ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।
ਗੜ੍ਹਸ਼ੰਕਰ (ਜੇ.ਬੀ. ਸੇਖੋਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰੋਡ ’ਤੇ ਸਥਿਤ ਰਿਲਾਇੰਸ ਮਾਲ ਅੱਗੇ ਦਿੱਤਾ ਜਾ ਧਰਨਾ ਅੱਜ 26ਵੇਂ ਦਿਨ ਵਿੱਚ ਦਾਖਲ ਹੋ ਗਿਆ।
ਸ਼ੋ੍ਮਣੀ ਅਕਾਲੀ ਦਲ ਨੇ ਮੋਦੀ ਅਤੇ ਕੈਪਟਨ ਦੇ ਪੁਤਲੇ ਸਾੜੇ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਅਤੇ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਵੱਲ ਬੁਢਾਪਾ ਪੈਨਸ਼ਨਾਂ ਦੇ ਹਜ਼ਾਰਾਂ ਰੁਪਏ ਜ਼ਮ੍ਹਾਂ ਕਰਾਉਣ ਦੇ ਭੇਜੇ ਨੋਟਿਸਾਂ ਦੇ ਵਿਰੋਧ ਵਿੱਚ ਅੱਜ ਧਾਰੀਵਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਕਿਸਾਨ ਵਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਕੋਰ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਵਿੱਚ ਰੈਲੀ ਰੂਪੀ ਮੀਟਿੰਗ ਕੀਤੀ ਗਈ। ਮਗਰੋਂ ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਉਪਰ ਡੱਡਵਾਂ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਰਮਵੀਰ ਸਿੰਘ ਲਾਡੀ, ਸਰਬਜੀਤ ਸਿੰਘ ਜਾਗੋਵਾਲ, ਮਨਜੀਤ ਸਿੰਘ ਕੰਗ ਆਦਿ ਨੇ ਵੀ ਸੰਬੋਧਨ ਕੀਤਾ।
‘ਫਸਲਾਂ ਊੱਤੇ ਐੱਮਐੱਸਪੀ ਦਿਓ ਜਾਂ ਗੱਦੀ ਛੱਡੋ’
ਪਠਾਨਕੋਟ (ਐੱਨਪੀ ਧਵਨ): ਆਮ ਆਦਮੀ ਪਾਰਟੀ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਅਤੇ ਸਾਰੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦਿਉ ਜਾਂ ਗੱਦੀ ਛੱਡੋ ਨਾਅਰੇ ਤਹਿਤ ਅੱਜ ਤਾਰਾਗੜ੍ਹ ਦੇ ਬਜ਼ਾਰਾਂ ਅਤੇ ਹਲਕਾ ਭੋਆ ਦੇ ਦਰਜਨਾਂ ਪਿੰਡਾਂ ਅੰਦਰ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਤਾਰਾਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਪੁੱਜੇ ਵਾਲੰਟੀਅਰਾਂ ਨੇ ਇਕੱਠੇ ਹੋ ਕੇ ਪੋਸਟਰ ਲਗਾਏ। ਊਨ੍ਹਾਂ ਇਸ ਮੁੱਦੇ ’ਤੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੇ ਲੁਕਣਮੀਟੀ ਖੇਡਣ ਦੇ ਦੋਸ਼ ਲਗਾਏ।