ਗੁਰਬਖਸ਼ਪੁਰੀ
ਤਰਨ ਤਾਰਨ, 19 ਅਗਸਤ
ਆਮ ਆਦਮੀ ਪਾਰਟੀ ਦੇ ਕੋਈ 50 ਤੋਂ ਵੀ ਜ਼ਿਆਦਾ ਆਗੂਆਂ ਅਤੇ ਵਲੰਟੀਅਰਾਂ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਵਲੋਂ ਬੀਤੀ ਸ਼ਾਮ ਸ਼ਹਿਰ ਦੀ ਮੁਰਾਦਪੁਰ ਆਬਾਦੀ ਵਿੱਚ ਗੋਲੀਆਂ ਚਲਾਉਣ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਅਧੀਨ ਦਰਜ ਕੀਤਾ ਕੇਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣ ਗਿਆ ਹੈ| ਧਾਰਾ 307, ਅਸਲਾ ਐਕਟ ਆਦਿ ਸੰਗੀਨ ਧਾਰਾਵਾਂ ਅਧੀਨ ਦਰਜ ਕੀਤੇ ਇਸ ਕੇਸ ਪੁਲੀਸ ਨੇ ਕਿਸੇ ਪੀੜਤ ਦੇ ਬਿਆਨਾਂ ਉੱਤੇ ਨਹੀਂਂ ਬਲਕਿ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਜਸਵੰਤ ਸਿੰਘ ਨੇ ਖ਼ੁਦ ਆਪਣੇ ਹੀ ਬਿਆਨਾਂ ਉੱਤੇ ਦਰਜ ਕੀਤਾ ਹੈ| ਇਹ ਕੇਸ ਹਾਕਮ ਧਿਰ ਦੇ ਇਲਾਕੇ ਦੇ ਚੋਟੀ ਦੇ ਆਗੂਆਂ ਦੇ ਇਸ਼ਾਰਿਆਂ ‘ਤੇ ਦਰਜ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ‘ਆਪ’ ਦੇ ਵੱਡੀ ਗਿਣਤੀ ਵਲੰਟੀਅਰਾਂ ਨੇ ਅੱਜ ਥਾਣਾ ਸਾਹਮਣੇ ਧਰਨਾ ਦਿੱਤਾ ਅਤੇ ਕੇਸ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ|
‘ਆਪ’ ਦੇ ਵਲੰਟੀਅਰਾਂ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਧਰਨਾਕਾਰੀਆਂ ਵਿੱਚ ਪਾਰਟੀ ਦੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਕਮਾਂਡ ਸੰਭਾਲ ਲਈ| ਇਕੱਤਰ ਜਾਣਕਾਰੀ ਅਨੁਸਾਰ ਕੱਲ੍ਹ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅੰਜੂ ਵਰਮਾ ਆਪਣੀਆਂ ਹੋਰਨਾਂ ਸਾਥਣਾਂ ਨੂੰ ਨਾਲ ਲੈ ਕੇ ਸ਼ਹਿਰ ਦੀ ਮੁਰਾਦਪੁਰ ਆਬਾਦੀ ਵਿੱਚ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ਤੇ ਮੁਫ਼ਤ ਬਿਜਲੀ ਦੇ ਗਰੰਟੀ ਕਾਰਡ ਦੇਣ ਲਈ ਗਈਆਂ ਸਨ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਵਰਕਰਾਂ ਨੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਤਕਰਾਰ ਹਿੰਸਕ ਟਕਰਾਅ ਵਿੱਚ ਬਦਲ ਗਿਆ। ‘ਆਪ’ ਵਾਲੰਟੀਅਰਾਂ ਦੇ ਵਫ਼ਦ ਨੂੰ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਬੁਲਾਇਆ ਅਤੇ ਇਸ ਸਬੰਧੀ ‘ਕਰਾਸ ਕੇਸ’ ਦਰਜ ਕੀਤੇ ਜਾਣ ਦਾ ਯਕੀਨ ਦਿੱਤਾ ਜਿਸ ’ਤੇ ਧਰਨਾ ਚੁੱਕ ਲਿਆ ਗਿਆ|