ਪੱਤਰ ਪ੍ਰੇਰਕ
ਪਠਾਨਕੋਟ, 19 ਦਸੰਬਰ
ਜਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਅਧੀਨ ਇੰਟਰ ਸਟੇਟ ਬਾਰਡਰ ਮੀਟਿੰਗ ਅੱਜ ਇਥੇ ਕਮਿਸ਼ਨਰ ਜਲੰਧਰ ਡਵੀਜਨ ਵਰਿੰਦਰ ਕੁਮਾਰ ਮੀਨਾ (ਆਈਏਐਸ) ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ, ਐਸਐਸਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ, ਏਡੀਐਮ ਕਠੂਆ (ਜੰਮੂ-ਕਸ਼ਮੀਰ) ਸੰਦੀਪ ਸਨੋਤਰਾ ਏਸੀ, ਏਡੀਐਮ ਕਾਂਗੜਾ (ਹਿਮਾਚਲ ਪ੍ਰਦੇਸ਼) ਰੋਹਿਤ ਰਾਠੌਰ, ਐਸਡੀਐਮ ਡਲਹੌਜੀ ਜਸਨ ਠਾਕੁਰ, ਐਸਡੀਐਮ ਨੂਰਪੁਰ ਅਨਿਲ ਭਾਰਦਵਾਜ, ਐਸਪੀ ਜਿਲ੍ਹਾ ਊਨਾ ਅਰਜਿਤ ਠਾਕੁਰ, ਐਸਪੀ ਕਠੂਆ ਸੁਰੇਸ਼ ਕੁਮਾਰ, ਐਸਪੀ ਚੰਬਾ ਵਿਨੋਦ ਕੁਮਾਰ, ਏਐਸਪੀ ਕਾਂਗੜਾ ਸਰਿਸ਼ਟੀ ਪਾਂਡੇ, ਵਧੀਕ ਐਸਪੀ ਕਾਂਗੜਾ ਪੁਨੀਤ ਰਘੂ, ਈਓ ਹੁਸ਼ਿਆਰਪੁਰ ਬ੍ਰਿਜ ਮੋਹਨ ਸਿੰਘ, ਈਟੀਓ ਕਠੂਆ ਵਰਿੰਦਰ ਕੁਮਾਰ, ਐਸਡੀਐਮ ਪਠਾਨਕੋਟ ਗੁਰਸਿਮਰਨ ਸਿੰਘ, ਐਸਡੀਐਮ ਧਾਰਕਲਾਂ ਜਗਨੂਰ ਸਿੰਘ, ਤਹਿਸੀਲਦਾਰ ਚੋਣਾਂ ਪਠਾਨਕੋਟ ਸਰਬਜੀਤ ਸਿੰਘ, ਤਹਿਸੀਲਦਾਰ ਚੋਣਾਂ ਹੁਸ਼ਿਆਰਪੁਰ ਹਰਮਨਿੰਦਰ ਸਿੰਘ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਇੰਟਰ ਸਟੇਟ ਬਾਰਡਰ ਤੇ ਲਗਾਏ ਜਾਣ ਵਾਲੇ ਨਾਕਿਆਂ ਉਪਰ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਇੰਟਰ ਸਟੇਟ ਬਾਰਡਰ ਤੇ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵਿਸ਼ੇਸ਼ ਨਾਕੇ ਲਗਾਏ ਜਾਣਗੇ। ਜਦ ਕਿ ਕਮਿਸ਼ਨਰ ਜਲੰਧਰ ਡਵੀਜਨ ਵਰਿੰਦਰ ਕੁਮਾਰ ਮੀਨਾ ਨੇ ਹਦਾਇਤ ਕੀਤੀ ਕਿ ਇੰਨ੍ਹਾਂ ਲਗਾਏ ਜਾਣ ਵਾਲੇ ਨਾਕਿਆਂ ਉਪਰ ਜਿਲ੍ਹਾ ਪਠਾਨਕੋਟ ਦੀ ਪੁਲੀਸ ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਇੱਕ-ਦੂਸਰੇ ਨਾਲ ਮਿਲ ਕੇ ਕੰਮ ਕੀਤਾ ਜਾਵੇ ਅਤੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਛੰਨੀ ਬੇਲੀ ਖੇਤਰ ਜੋ ਕਿ ਪਠਾਨਕੋਟ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦਾ ਹੈ, ਦੇ ਖੇਤਰ ਵਿੱਚ ਹਿਮਾਚਲ ਪੁਲੀਸ ਅਤੇ ਪੰਜਾਬ ਪੁਲੀਸ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਵੇ ਤਾਂ ਜੋ ਕੱਚੀ ਸ਼ਰਾਬ (ਲਾਹਨ) ਦੀ ਤਸਕਰੀ ਨੂੰ ਰੋਕਿਆ ਜਾ ਸਕੇ। ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਾਨਾ ਮੋਨੀਟਰਿੰਗ ਕੀਤੀ ਜਾਵੇ ਕਿ ਕੋਈ ਵਿਅਕਤੀ ਵਿਸ਼ੇਸ਼ ਸ਼ਰਾਬ ਸਟੋਰ ਨਾ ਕਰ ਰਿਹਾ ਹੋਵੇ।