ਪੱਤਰ ਪ੍ਰੇਰਕ
ਗੁਰਦਾਸਪੁਰ, 8 ਮਾਰਚ
ਰੇਲਵੇ ਸਟੇਸ਼ਨ ਗੁਰਦਾਸਪੁਰ ਬਾਹਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਨੀਲਮ ਘੁਮਾਣ, ਕਾਂਤਾ ਦੇਵੀ, ਬਲਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਰੈਲੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਇੱਕ ਮਤੇ ਰਾਹੀਂ ਔਰਤਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਦਿੱਲੀ ਮੋਰਚੇ ਵਿੱਚ ਮਰਦਾਂ ਬਰਾਬਰ ਡੱਟਣ ਦਾ ਅਹਿਦ ਲਿਆ। ਇੱਕ ਹੋਰ ਮੱਤੇ ਰਾਹੀਂ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਸਮੇਤ ਹੋਰ ਠੇਕੇ ਉੱਤੇ ਕੰਮ ਕਰਦੀਆਂ ਔਰਤਾਂ ਨੂੰ ਪੂਰੀ ਤਕਖਾਹ ਉੱਤੇ ਪੱਕਿਆਂ ਕਰਨ ਦੀ ਮੰਗ ਕੀਤੀ ਗਈ। ਦੋ ਮਿੰਟ ਦਾ ਮੌਣ ਧਾਰਨ ਕਰਕੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇੱਥੇ ਅੱਜ ਨਿਗਰਾਨ ਇੰਜਨੀਅਰ ਵ/ਸ ਅਤੇ ਸੈਨੀਟੇਸ਼ਨ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ। ਜਿਸ ਦੌਰਾਨ ਵਿਭਾਗ ਵਿਚ ਕੰਮ ਕਰਦੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੇਕ ਕੱਟਿਆ। ਇਸ ਮੌਕੇ ਨਿਗਰਾਨ ਇੰਜੀਨੀਅਰ ਇਜ ਨਰਿੰਦਰਪੀਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ।
ਗੁਰਦਾਸਪੁਰ (ਕੇਪੀ ਸਿੰਘ): ਇੱਥੋਂ ਦੀ ਕਲਾਨੌਰ ਰੋਡ ’ਤੇ ਸਥਿਤ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਵਿੱਚ ਕੌਮਾਂਤਰੀ ਮਹਿਲਾ ਮੌਕੇ ਇਕ ਪ੍ਰੋਗਰਾਮ ਕਰਵਾਇਆ ਗਿਆ।
ਭੋਗਪੁਰ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਕਾਲਜ ਸਨੌਰਾ ਵਿੱਚ ਡਾਇਰੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸੋਮਰਸੈੱਟ ਇੰਟਰਨੈਸ਼ਨਲ ਸਕੂਲ ਵਿਚ ਕਰਵਾਏ ਸਮਾਗਮ ਦੌਰਾਨ ਪ੍ਰਿੰਸੀਪਲ ਹਰਦੀਪ ਸਿੰਘ ਪੁੰਨ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਸੰਤ ਨਾਮਦੇਵ ਕੋ-ਐਜੂਕੇਸ਼ਨਲ ਕਾਲਜ ਮਾਡਲ ਹਾਊਸ, ਐੱਮਜੀਐੱਨ ਕਾਲਜ ਆਫ ਐਜੂਕੇਸ਼ਨ ਤੇ ਸਥਾਨਕ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਿਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਮਨਾਏ ਗਏ ਕੌਮਾਂਤਰੀ ਔਰਤ ਦਿਵਸ ਮੌਕੇ ਜੁੜੇ ਇਕੱਠ ਨੂੰ ਭਾਈ ਘਨ੍ਹੱਈਆ ਚੈਰੀਟੇਬਲ ਸੁਸ਼ਾਇਟੀ ਯੂਨੀਕ ਹੋਮ ਜਲੰਧਰ ਦੀ ਮੁਖ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕੀਤਾ। ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਵੱਲੋਂ ਨਕੋਦਰ ਵਿਚ ਜਸਵਿੰਦਰ ਕੌਰ ਟਾਹਲੀ, ਕਮਲਜੀਤ ਕੌਰ ਅਤੇ ਸੁਰਿੰਦਰ ਕੌਰ ਦੀ ਪ੍ਰਧਾਂਨਗੀ ਹੇਠ ਕੌਮਾਂਤਰੀ ਦਿਵਸ ਮਨਾਇਆ ਗਿਆ।
ਨਵਾਂ ਸ਼ਹਿਰ (ਪੱਤਰ ਪ੍ਰੇਰਕ): ਇੱਥੇ ਅੱਜ ਇਸਤਰੀ ਜਾਗ੍ਰਿਤੀ ਮੰਚ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਘੋਲ ਨੂੰ ਸਮਰਪਿਤ ਕੀਤਾ। ਸਥਾਨਕ ਚੰਡੀਗੜ੍ਹ ਰੋਡ ’ਤੇ ਰਿਲਾਇੰਸ ਸਟੋਰ ਅੱਗੇ ਇਸ ਸਬੰਧੀ ਕੀਤੀ ਗਈ ਜ਼ਿਲ੍ਹਾ ਪੱਧਰੀ ਕਾਨਫਰੰਸ ਦੀ ਪ੍ਰਧਾਨਗੀ ਮਨਜੀਤ ਕੌਰ ਭਾਨਮਜਾਰਾ, ਗੁਰਿੰਦਰ ਕੌਰ ਦੁਰਗਾ ਪੁਰ, ਹਰਪ੍ਰੀਤ ਕੌਰ ਸ਼ਹਾਬਪੁਰ, ਪਰਮਜੀਤ ਕੌਰ ਬੈਂਸ ਅਤੇ ਬਲਵਿੰਦਰ ਕੌਰ ਬੈਂਸ ਨੇ ਕੀਤੀ। ਬਾਅਦ ਵਿਚ ਸ਼ਹਿਰ ਵਿਚ ਮੁਜ਼ਾਹਰਾ ਕਰਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਮਹਿਲਾ ਦਿਵਸ ਦੇ ਸਬੰਧ ਵਿਚ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੋਨੀਆ ਦੀ ਅਗਵਾਈ ਹੇਠ ਕਾਂਗਰਸ ਭਵਨ ਵਿੱਚ ਮਹਿਲਾ ਸਨਮਾਨ ਦਿਵਸ ਮਨਾਇਆ ਗਿਆ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਥੇ ਬਣ ਰਹੇ ਨਵੇਂ ਪ੍ਰਬੰਧਕੀ ਕੰਪਲੈਕਸ ਦੀ ਸਾਫ਼ ਸਫ਼ਾਈ ਅਤੇ ਕੰਟੀਨ ਦੀ ਜ਼ਿੰਮੇਵਾਰੀ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲੇ ਦੇ 41 ਸੇਵਾ ਕੇਂਦਰਾਂ ਵਿੱਚ ਮਹਿਲਾਵਾਂ ਲਈ ਵਿਸ਼ੇਸ਼ ਪਿੰਕ ਕਾਊਂਟਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਖੁਲਾਸਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ। ਇਸੇ ਦੌਰਾਨ ਅੱਜ ਅੰਤਰਾਸ਼ਟਰੀ ਨਾਰੀ ਦਿਵਸ ਮੌਕੇ ਜਨਵਾਦੀ ਇਸਤਰੀ ਸਭਾ ਨਾਲ ਸਬੰਧਤ ‘ਐਡਵਾ’ ਦੀਆਂ ਔਰਤ ਕਾਰਕੁੰਨਾਂ ਨੇ ਇਕੱਠੇ ਹੋ ਕੇ ਔਰਤਾਂ ਦੀਆਂ ਮੰਗਾਂ ਦੇ ਹੱਕ ਵਿਚ ਕਸਬਾ ਚੋਗਾਵਾਂ ਦੇ ਬਾਜ਼ਾਰ ਵਿਚ ਮਾਰਚ ਕੱਢਿਆ। ਮਾਰਚ ਅਤੇ ਮੁਜ਼ਾਹਰੇ ਦੀ ਅਗਵਾਈ ਐਡਵਾ ਦੀ ਜਨਰਲ ਸਕੱਤਰ ਐਡਵੋਕੇਟ ਕੰਵਲਜੀਤ ਕੌਰ , ਪ੍ਰਧਾਨ ਡਾ. ਕੰਵਲਜੀਤ ਕੌਰ, ਰਵਨੀਤ ਕੌਰ ਅਤੇ ਆਸ਼ਾ ਵਰਕਰਾਂ ਦੀ ਪ੍ਰਧਾਨ ਸਰੋਜ ਬਾਲਾ ਨੇ ਕੀਤੀ।
ਬਟਾਲਾ (ਖੇਤਰੀ ਪ੍ਰਤੀਨਿਧ): ਸਥਾਨਕ ਪੁਲੀਸ ਲਾਈਨ ਵਿੱਚ ਮਹਿਲਾ ਕਰਮਚਾਰੀਆਂ ਲਈ ਆਈਵੀਵਾਈ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੇ ਕੀਤੀ।
ਕਾਦੀਆਂ (ਪੱਤਰ ਪ੍ਰੇਰਕ): ਇੱਥੇ ਸਮਾਗਮ ਦੌਰਾਨ ਸ਼ਾਲਿਨੀ ਸ਼ਰਮਾ ਅਤੇ ਬਬੀਤਾ ਖੋਸਲਾ ਨੇ ਮਹਿਲਾਵਾਂ ਨੂੰ ਸੰਬੋਧਨ ਕੀਤਾ।
ਜਨਵਾਦੀ ਇਸਤਰੀ ਸਭਾ ਵੱਲੋਂ ਰੋਸ ਮਾਰਚ
ਅਟਾਰੀ (ਪੱਤਰ ਪ੍ਰੇਰਕ): ਕੌਮਾਂਤਰੀ ਮਹਿਲਾ ਦਿਵਸ ਮੌਕੇ ਜਨਵਾਦੀ ਇਸਤਰੀ ਸਭਾ (ਐਡਵਾ) ਨੇ ਸਰਕਾਰਾਂ ਵੱਲੋਂ ਔਰਤਾਂ ਵਿਰੋਧੀ ਅਪਣਾਈਆਂ ਨੀਤੀਆਂ ਖ਼ਿਲਾਫ਼ ਔਰਤਾਂ ਦਾ ਵੱਡਾ ਇਕੱਠ ਕਰ ਕੇ ਕਸਬਾ ਚੋਗਾਵਾਂ ਦੇ ਬਾਜ਼ਾਰਾਂ ’ਚ ਮਾਰਚ ਕਰ ਕੇ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੌਕੇ ਬਲਾਕ ਚੋਗਾਵਾਂ ਵਿਚ ਬਲਾਕ ਅਧਿਕਾਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਮਾਰਚ ਦੀ ਅਗਵਾਈ ਐਡਵਾ ਦੀ ਜਨਰਲ ਸਕੱਤਰ ਐਡਵੋਕੇਟ ਕੰਵਲਜੀਤ ਕੌਰ, ਪ੍ਰਧਾਨ ਡਾ. ਕੰਵਲਜੀਤ ਕੌਰ, ਰਣਜੀਤ ਕੌਰ, ਅਜੀਤ ਕੌਰ, ਆਸ਼ਾ ਪ੍ਰਧਾਨ ਸਰੋਜ ਬਾਲਾ ਨੇ ਕੀਤੀ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਆਸ਼ਾ ਵਰਕਰਾਂ, ਆਗਨਵਾੜੀ ਵਰਕਰਾਂ, ਮਿਡ-ਡੇਅ-ਮੀਲ ਵਰਕਰਾਂ ਤੇ ਮਨਰੇਗਾ ਵਰਕਰਾਂ ਦੇ ਮਾਣ ਭੱਤੇ ’ਚ ਵਾਧਾ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।
ਮਹਿਲਾ ਦਿਵਸ ’ਤੇ ਚਿਤਰਕਲਾ ਪ੍ਰਦਰਸ਼ਨੀ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਬੀਬੀਕੇ ਡੀਏਵੀ ਕਾਲਜ ਵਿਮੈਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਅਪਲਾਈਡ ਆਰਟ, ਪੀ.ਜੀ ਡਿਪਾਰਟਮੈਂਟ ਔਫ ਫਾਈਨ ਆਰਟਸ ਅਤੇ ਪੀਜੀ ਡਿਪਾਰਟਮੈਂਟ ਆਫ ਡੀਜ਼ਾਈਨਿੰਗ ਵਲੋਂ ਚਿਤਰਕਲਾ ਪ੍ਰਦਰਸ਼ਨੀ ‘ਅਪਾਰਸ਼ਕਤੀ’ ਲਾਈ ਗਈ। ਪ੍ਰਦਰਸ਼ਨੀ ਵਿੱਚ ਸੰਬੰਧਤ ਵਿਭਾਗਾਂ ਦੀਆਂ ਵਿਦਿਆਰਥਣਾਂ ਵਲੋਂ ਨਾਰੀ ਦੇ ਵੱਖ-ਵੱਖ ਰੂਪਾਂ ਨੂੰ ਪ੍ਰਦਰਸ਼ਿਤ ਕਰਦੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।