ਗੁਰਬਖਸ਼ਪੁਰੀ
ਤਰਨ ਤਾਰਨ, 21 ਜਨਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਇੱਕ ਉੱਚ ਪੱਧਰੀ ਟੀਮ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਕਾਲੀ ਦਲ ਨਾਲ ਸਬੰਧਤ ਇਕ ਸਾਬਕ ਨਗਰ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ ਸਮੇਤ ਦੋ ਜਣਿਆਂ ਦੀ ਕੀਤੀ ਪੁੱਛ-ਪਿੱਛ ਨੇ ਇਲਾਕੇ ਦੇ ਰਾਜਸੀ ਹਲਕਿਆਂ ਅੰਦਰ ਤਰਥੱਲੀ ਮਚਾ ਕੇ ਰੱਖ ਦਿੱਤੀ| ਏਜੰਸੀ ਦੇ ਚੰਡੀਗੜ੍ਹ ਸਥਿਤ ਐੱਸਐੱਸਪੀ ਦੀ ਅਗਵਾਈ ਵਿੱਚ 12 ਦੇ ਕਰੀਬ ਮੁਲਾਜ਼ਮਾਂ-ਅਧਿਕਾਰੀਆਂ ਦੀ ਇਹ ਟੀਮ ਇੱਥੋਂ ਦੇ ਸਰਦਾਰ ਐਨਕਲੇਵ ਦੇ ਵਸਨੀਕ ਮਨਜਿੰਦਰ ਸਿੰਘ ਕਕਰੇਜਾ ਦੇ ਘਰ ਜਾ ਕੇ ਉਸ ਵਲੋਂ ਕੁੱਝ ਚਿਰ ਪਹਿਲਾਂ ਸਰਬਰਿੰਦਰ ਸਿੰਘ ਭਰੋਵਾਲ ਨਾਲ ਇਕ ਰਿਹਾਇਸ਼ੀ ਪਲਾਟ ਦੇ ਕੀਤੇ ਬਿਆਨੇ ਸਬੰਧੀ 15 ਲੱਖ ਰੁਪਏ ਦੇ ਕੀਤੇ ਭੁਗਤਾਨ ਬਾਰੇ ਪੁੱਛਗਿੱਛ ਕੀਤੀ| ਮਨਜਿੰਦਰ ਸਿੰਘ ਨੇ ਮਾਮਲੇ ਨਾਲ ਸਬੰਧਿਤ ਦਸਤਾਵੇਜ ਟੀਮ ਦੇ ਪੇਸ਼ ਕੀਤੇ| ਇਸ ਉਪਰੰਤ ਏਜੰਸੀ ਦੀ ਟੀਮ ਅਮਨਦੀਪ ਐਵਨਿਊ ਦੇ ਵਾਸੀ ਸਰਬਰਿੰਦਰ ਸਿੰਘ ਦੇ ਘਰ ਗਈ| ਟੀਮ ਨੇ ਪਲਾਟ ਦੇ ਸੌਦੇ ਨਾਲ ਸਬੰਧਿਤ ਦਸਤਾਵੇਜਾਂ ਦੀ ਪੜਤਾਲ ਕੀਤੀ| ਟੀਮ ਨੇ ਸਰਬਰਿੰਦਰ ਸਿੰਘ ਦੀ ਕੋਈ ਛੇ ਘੰਟੇ ਤੱਕ ਪੁੱਛ-ਗਿੱਛ ਕੀਤੀ। ਟੀਮ ਸਰਬਰਿੰਦਰ ਸਿੰਘ ਦਾ ਮੋਬਾਈਲ ਨਾਲ ਲੈ ਗਈ ਹੈ| ਏਜੰਸੀ ਦੇ ਅਧਿਕਾਰੀਆਂ ਨੇ ਸਰਬਰਿੰਦਰ ਸਿੰਘ ਕੋਲੋਂ ਲੁਧਿਆਣਾ ਦੇ ਬੰਬ ਬਲਾਸਟ ਦੇ ਮੁਲਜ਼ਮਾਂ ਵਿਚਾਲੇ ਦੋ ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੇ ਜਾਣ ਦੀ ਵੀ ਜਾਣਕਾਰੀ ਇਕੱਤਰ ਕੀਤੀ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਏਜੰਸੀ ਪੈਸਿਆਂ ਦੇ ਲੈਣ-ਦੇਣ ਦੀ ਜਾਣਕਾਰੀ ਇਕੱਤਰ ਕਰ ਰਹੀ ਹੈ|