ਗੁਰਬਖਸ਼ਪੁਰੀ
ਤਰਨ ਤਾਰਨ, 18 ਸਤੰਬਰ
ਇਸ ਇਲਾਕੇ ਦੇ ਪਿੰਡ ਲਾਲਪੁਰ ਵਿੱਚ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਈਆਂ ਗਰਾਂਟਾਂ ਵਿੱਚ ਕਥਿਤ 85 ਲੱਖ ਰੁਪਏ ਦੀਆਂ ਬੇਨੇਮੀਆਂ ਦੀ ਜਾਂਚ ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਪਿੰਡ ਦੇ ਵਸਨੀਕ ਜਸਕੀਰਤ ਸਿੰਘ ਨੇ ਇਨ੍ਹਾਂ ਕਥਿਤ ਬੇਨੇਮੀਆਂ ਸਬੰਧੀ ਡੀਸੀ ਸੰਦੀਪ ਕੁਮਾਰ ਨੂੰ ਸ਼ਿਕਾਇਤ ਕੀਤੀ ਸੀ। ਜਸਕੀਰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਗਰਾਂਟਾਂ ਦੀ ਰਕਮ ਕੌਬੇਅਰੀ ਐਗਰੋਵੇਟ ਓਪੀਸੀ ਪ੍ਰਾਈਵੇਟ ਲਿਮਟਡ ਨਾਂ ਦੀ ਇਕ ਕੰਪਨੀ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ| ਇਸ ਕੰਪਨੀ ਦੇ ਡਾਇਰੈਕਟਰ ਬਲਜੀਤ ਸਿੰਘ ਚੀਮਾ ਹਨ ਜੋ ਪੰਜਾਬ ਵਾਟਰ ਰਿਸੋਰਸਿਸ ਮੈਨੇਜਮੈਂਟ ਤੇ ਡਿਵੈਲਪਮੈਂਟ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਭਰਾ ਹਨ| ਜਸਕੀਰਤ ਸਿੰਘ ਨੇ ਦੋਸ਼ ਲਾਇਆ ਕਿ ਕੌਬੇਅਰੀ ਕੰਪਨੀ ਦਾ ਮੁੱਖ ਦਫਤਰ ਹਰੀ ਨਾਵ ਰੋਡ ਕੋਟਕਪੂਰਾ ਹੈ ਅਤੇ ਇਸ ਦਾ ਹੁਣ ਟਿਕਾਣਾ ਚੀਮਾ ਕਲਾਂ (ਤਰਨ ਤਾਰਨ) ਹੈ| ਉਨ੍ਹਾਂ ਸ਼ਿਕਾਇਤ ਵਿੱਚ ਕਿਹਾ ਕਿ ਇਹ ਕੰਪਨੀ ਮੁੱਖ ਤੌਰ ’ਤੇ ਫੀਡ ਦਾ ਕਾਰੋਬਾਰ ਕਰਦੀ ਹੈ ਜਦਕਿ ਇਸ ਕੰਪਨੀ ਨੇ ਖਡੂਰ ਸਾਹਿਬ ਤੇ ਤਰਨ ਤਾਰਨ ਦੇ ਪਿੰਡਾਂ ਲਈ ਇੰਟਰਲਾਕਿੰਗ ਟਾਈਲਾਂ, ਰੇਤ, ਸੀਮਿੰਟ, ਵਾਟਰ ਕੂਲਰ, ਲੇਬਰ ਆਦਿ ਲਈ ਸਰਕਾਰ ਦੇ ਖਾਤੇ ਵਿੱਚੋਂ 85 ਲੱਖ ਰੁਪਏ ਆਪਣੇ ਜੀਐੱਸਟੀ ਵਾਲੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ| ਬਲਜੀਤ ਸਿੰਘ ਚੀਮਾ ਦੀ ਇਹ ਫਰਮ ਨਿਯਮ ਮੁਤਾਬਕ ਸਿਰਫ਼ ਫੀਡ ਦਾ ਹੀ ਕੰਮ ਕਰ ਸਕਦੀ ਹੈ| ਉਧਰ, ਸ੍ਰੀ ਚੀਮਾ ਨੇ ਦਾਅਵਾ ਕੀਤਾ ਕਿ ਇੰਟਰਲਾਕਿੰਗ ਟਾਈਲਾਂ ਆਦਿ ਦਾ ਕੰਮ ਕਰਵਾਉਣ ਲਈ ਜੀਐਸਟੀ ਨੰਬਰ ਵਿੱਚ ਸੋਧ ਕਰਵਾਈ ਗਈ ਹੈ| ਡੀਸੀ ਨੇ ਇਸ ਸ਼ਿਕਾਇਤ ’ਤੇ ਅਗਲੇਰੀ ਕਾਰਵਾਈ ਲਈ ਏਡੀਸੀ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੂੰ ਨਿਰਦੇਸ਼ ਦਿੱਤੇ ਹਨ| ਵਰਿੰਦਰਪਾਲ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਡੀਡੀਪੀਓ ਹਰਜਿੰਦਰ ਸਿੰਘ ਸੰਧੂ ਤੋਂ ਫੌਰੀ ਰਿਪੋਰਟ ਮੰਗ ਲਈ ਹੈ।