ਜਸਵੀਰ ਸਿੰਘ ਚਾਨਾ
ਫਗਵਾੜਾ, 25 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਲੋਕਾਂ ਨੂੰ ਇਸ ਕਾਲ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ ਤੇ ਆਪੋ ਆਪਣੇ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਕਿਸਾਨਾਂ ਦੀ ਟੀਮ ਨੇ ਅੱਜ ਸਪੀਕਰਾਂ ਰਾਹੀਂ ਬਾਜ਼ਾਰਾਂ ’ਚ ਜਾ ਕੇ ਲੋਕਾਂ ਨੂੰ ਬੰਦ ਰੱਖਣ ਲਈ ਕਿਹਾ।
ਤਰਨ ਤਾਰਨ(ਪੱਤਰ ਪ੍ਰੇਰਕ): ਇਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਦਲਜੀਤ ਸਿੰਘ ਦਿਆਲਪੁਰਾ, ਇੰਦਰਜੀਤ ਸਿੰਘ ਕੋਟ ਬੁੱਢਾ, ਨਿਰਵੈਲ ਸਿੰਘ ਡਾਲੇਕੇ ਆਦਿ ਨੇ ਦੱਸਿਆ ਕਿ ਬੰਦ ਦੌਰਾਨ ਜ਼ਿਲ੍ਹੇ ਅੰਦਰ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਝਬਾਲ, ਗੰਡੀਵਿੰਡ, ਖੇਮਕਰਨ, ਸਰਹਾਲੀ, ਹਰੀਕੇ, ਨੌਸ਼ਹਿਰਾ ਪੰਨੂੰਆਂ ਆਦਿ ਥਾਵਾਂ ’ਤੇ ਧਰਨੇ ਦਿੱਤੇ ਜਾਣਗੇ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਇਥੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਸਮੁੱਚੇ ਕਾਰੋਬਾਰੀਆਂ, ਉਦਯੋਗਪਤੀਆਂ, ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਬੰਦ ਦਾ ਹਿੱਸਾ ਬਣਨ ਤੇ ਆਪਣੇ ਕਾਰੋਬਾਰ ਬੰਦ ਰੱਖਣ।
ਚੇਤਨਪੁਰਾ (ਪੱਤਰ ਪ੍ਰੇਰਕ): ਇਥੇ ਹਰਸ਼ਾ ਛੀਨਾ, ਖੰਡ ਮਿੱਲ ਭਲਾ ਪਿੰਡ ਵਿੱਚ ਮਿਲ ਦੇ ਸਮੂਹ ਮੁਲਾਜ਼ਮਾਂ ਦੀ ਇਕ ਅਹਿਮ ਇਕੱਤਰਤਾ ਵਿੱਚ ਕਿਸਾਨ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਸਮੂਹਕ ਮਿੱਲਾਂ ਨੂੰ ਪੂਰਨ ਤੌਰ ’ਤੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਭੁਲੱਥ (ਪੱਤਰ ਪ੍ਰੇਰਕ): ਅੱਜ ਇਥੇ ਵੱਖ-ਵੱਖ ਕਿਸਾਨ, ਮਜ਼ਦੂਰ, ਦੁਕਾਨਦਾਰਾਂ ਤੇ ਹੋਰ ਸਮਾਜਿਕ ਜਥੇਬੰਦੀਆਂ,ਵੱਲੋਂ ਕਾਮਯਾਬ ਕਰਨ ਲਈ ਪੂਰਨ ਤੌਰ ’ਤੇ ਲਾਮਬੰਦੀ ਕੀਤੀ ਗਈ ਹੈ।
ਦਸੂਹਾ (ਪੱਤਰ ਪ੍ਰੇਰਕ): ਇਥੇ ਵਪਾਰੀ ਵਰਗ ਵੀ ਸਰਗਰਮੀ ਨਾਲ ਸ਼ਮੂਲੀਅਤ ਸਬੰਧੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਦੱਸਿਆ ਕਿ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਰਵਾਂ ਸਹਿਯੋਗ ਦਿੱਤਾ ਜਾਵੇਗਾ।
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਅਤੇ ਲੋਹੀਆਂ ਖਾਸ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਦਾਅਵਾ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਬੰਦ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ। ਆਗੂਆਂ ਨੇ ਕਿਹਾ ਕਿ ਉਹ ਤਹਿਸੀਲ ਸ਼ਾਹਕੋਟ ਅੰਦਰ ਲੋਹੀਆਂ ਖਾਸ ਦੇ ਟੀ ਪੁਆਇੰਟ ਅਤੇ ਸ਼ਾਹਕੋਟ-ਮਲਸੀਆਂ ਦੇ ਰੇਲਵੇ ਫਾਟਕ ਉੱਪਰੋ ਲੰਘਦੇ ਰਾਸ਼ਟਰੀ ਹਾਈਵੇਅ ਉੱਪਰ ਦੋ ਥਾਵਾਂ ’ਤੇ ਜਾਮ ਟਕੈਫਿਕ ਜਾਮ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨਗੇ।
ਫਿਲੌਰ (ਪੱਤਰ ਪ੍ਰੇਰਕ): ਬੰਦ ਦੀ ਕਾਲ ਨੂੰ ਸਫ਼ਲ ਬਾਣਉਣ ਲਈ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ-ਪਿੰਡ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਇਸ ਬੰਦ ਨੂੰ ਸਫ਼ਲ ਬਣਾਉਣ ਲਈ ਭਾਰੀ ਗਿਣਤੀ ਵਿਚ ਮਜ਼ਦੂਰ, ਕਿਸਾਨ ਸ਼ਮੂਲੀਅਤ ਕਰਨਗੇ। ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਟੌਲ ਪਲਾਜ਼ਾ ਨਿੱਜਰਪੁਰਾ ’ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚੱਲ ਰਿਹਾ ਰੋਸ ਧਰਨਾ 176 ਵੇਂ ਦਿਨ ’ਚ ਪਹੁੰਚ ਗਿਆ। ਸੰਯੁਕਤ ਮੋਰਚੇ ਵੱਲੋਂ ਬੰਦ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ।
ਸ਼ਹੀਦ ਭਗਤ ਸਿੰਘ ਨਗਰ ਰਹੇਗਾ ਮੁਕੰਮਲ ਬੰਦ: ਆਗੂ
ਨਵਾਂਸ਼ਹਿਰ (ਲਾਜਵੰਤ ਸਿੰਘ): ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੂਰਨ ਤੌਰ ਉੱਤੇ ਬੰਦ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਸੁਤੰਤਰ ਕੁਮਾਰ, ਜਸਬੀਰ ਦੀਪ ਅਤੇ ਕੁਲਦੀਪ ਸਿੰਘ ਸੁੱਜੋਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਪਾਰ ਮੰਡਲ, ਟਰੱਕ ਯੂਨੀਅਨਾਂ, ਟੈਕਸੀ ਯੂਨੀਅਨਾਂ, ਆਟੋ ਯੂਨੀਅਨ, ਆੜ੍ਹਤੀ ਐਸੋਸੀਏਸ਼ਨਾਂ, ਭੱਠਾ ਵਰਕਰਾਂ ਅਤੇ ਮਾਲਕਾਂ, ਰੇਹੜੀ ਵਰਕਰਾਂ, ਰੋਡਵੇਜ ਵਰਕਰਾਂ, ਬੈਂਕ ਐਸੋਸੀਏਸ਼ਨਾਂ, ਮਜਦੂਰ ਜਥੇਬੰਦੀਆਂ, ਇਸਤਰੀ ਜਥੇਬੰਦੀਆਂ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਬੰਦ ਦਾ ਭਰਵਾਂ ਸਮਰਥਨ ਕੀਤਾ ਹੈ।