ਪੱਤਰ ਪ੍ਰੇਰਕ
ਚੇਤਨਪੁਰਾ, 25 ਸਤੰਬਰ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਇਸ ਤਹਿਤ ਪਿੰਡ ਪਠਾਨ ਨੰਗਲ, ਮੱਜੂਪੁਰਾ, ਗੋਲਡਨ ਕਲੋਨੀ (ਨਵਾਂ ਪਿੰਡ) ਵਿੱਚ ਪਹੁੰਚੇ। ਇਸ ਮੌਕੇ ਸ੍ਰੀ ਧਾਲੀਵਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਮੌਕਾ ਦੇ ਕੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ ਅਤੇ ਹੁਣ ਫ਼ਰਜ਼ ਉਨ੍ਹਾਂ ਦੀ ਸਰਕਾਰ ਦਾ ਹੈ ਕਿ ਜਿਹੜੇ ਵੀ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਹ ਇੰਨ ਬਿੰਨ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲੱਗਿਆਂ ਥੋੜ੍ਹਾ ਵਕਤ ਜ਼ਰੂਰ ਲੱਗੇਗਾ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਚੌਤਰਫਾ ਲੁੱਟਿਆ ਹੈ। ਇਸ ਲਈ ਉਲਝੇ ਹੋਏ ਤਾਣੇ ਬਾਣੇ ਨੂੰ ਠੀਕ ਕਰਨ ਲਈ ਕੁਝ ਵਕਤ ਲੱਗਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਚੜ੍ਹਤ ਵੇਖ ਕੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਵਾਲੇ ਤਿਲ ਮਿਲਾ ਰਹੇ ਹਨ ਅਤੇ ਆਏ ਦਿਨ ਸਰਕਾਰ ਨੂੰ ਕਮਜ਼ੋਰ ਕਰਨ ਦੇ ਮਕਸਦ ਤਹਿਤ ਕੋਝੀਆਂ ਚਾਲਾਂ ਚੱਲ ਰਹੇ ਹਨ ਤੇ ਭਾਜਪਾ ਵੱਲੋਂ ਕਰੋੜਾਂ ਰੁਪਏ ਦੀਆਂ ਆਫ਼ਰਾਂ ਦੇ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ਦਾ ਮਸਲਾ ਬਹੁਤ ਜਲਦ ਹੱਲ ਹੋਵੇਗਾ ਅਤੇ 1 ਅਕਤੂਬਰ ਨੂੰ ਸੂਬੇ ਵਿਚ ਲੀਗਲ ਮਾਈਨਿੰਗ ਸ਼ੁਰੂ ਹੋ ਜਾਵੇਗੀ।
ਧਾਲੀਵਾਲ ਦੀ ਅਗਵਾਈ ’ਚ ਕਾਂਗਰਸ ਤੇ ਅਕਾਲੀ ਦਲ ਦੇ 5 ਕੌਂਸਲਰ ‘ਆਪ’ ਵਿੱਚ ਸ਼ਾਮਲ
ਅਜਨਾਲਾ (ਪੱਤਰ ਪ੍ਰੇਰਕ):ਇੱਥੇ ਅੱਜ ਸ਼ਹਿਰ ਅੰਦਰ ਸਮਾਰੋਹ ਦੌਰਾਨ ਨਗਰ ਪੰਚਾਇਤ ਅਜਨਾਲਾ ਦੇ ਕਾਂਗਰਸੀ ਅਤੇ ਅਕਾਲੀ ਦਲ ਨਾਲ ਸਬੰਧਤ ਪੰਜ ਕੌਂਸਲਰਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਨੂੰ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਪਾਰਟੀ ਦੇ ਚਿੰਨ੍ਹ ਵਾਲੇ ਮਫਲਰ ਪਾ ਕੇ ਸਨਮਾਨਤ ਕੀਤਾ। ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਾਰਡ ਨੰਬਰ 5 ਤੋਂ ਕਾਂਗਰਸ ਦੇ ਕੌਂਸਲਰ ਗਿਆਨ ਕੌਰ, ਵਾਰਡ ਨੰਬਰ 8 ਤੋਂ ਅਕਾਲੀ ਦਲ ਦੇ ਰਾਜਪ੍ਰੀਤ ਕੌਰ ਚਾਹਲ, ਵਾਰਡ ਨੰਬਰ 11 ਤੋਂ ਅਕਾਲੀ ਦਲ ਦੇ ਬਲਜਿੰਦਰ ਕੌਰ ਗਿੱਲ, ਵਾਰਡ ਨੰਬਰ 14 ਤੋਂ ਅਕਾਲੀ ਦਲ ਦੇ ਜਸਪਾਲ ਸਿੰਘ, ਵਾਰਡ ਨੰਬਰ 15 ਦੇ ਨੰਦ ਲਾਲ ਅਕਾਲੀ ਦਲ ਨਾਲ ਸਬੰਧਤ ਹਨ। ਜਦਕਿ ਵਾਰਡ ਨੰਬਰ 10 ਤੋਂ ਕਾਂਗਰਸ ਨਾਲ ਸੰਬੰਧਤ ਪਰਮਿੰਦਰ ਸਿੰਘ ਭੱਖਾ ਨੇ ਨਗਰ ਪੰਚਾਇਤ ਦੇ ਕੰਮਾਂ ਅਤੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਆਪ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਮਕਸਦ ਨਾਲ ਇਨ੍ਹਾਂ ਸਾਰਿਆਂ ਕੌਂਸਲਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਨਗਰ ਪੰਚਾਇਤ ਅਜਨਾਲਾ ਦੀ ਨਵੀਂ ਕਮੇਟੀ ਬਣੇਗੀ ਅਤੇ ਸ਼ਹਿਰ ਦਾ ਹਰ ਪੱਖੋਂ ਵਿਕਾਸ ਕਰਕੇ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।