ਧਾਰੀਵਾਲ: ਗ੍ਰਾਮ ਪੰਚਾਇਤ ਚੋਣਾਂ 2024 ਲਈ ਪੰਚਾਇਤਾਂ ਵਾਸਤੇ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਪਿੱਛੋਂ ਅੱਜ ਬਲਾਕ ਧਾਰੀਵਾਲ ਨਾਲ ਸਬੰਧਤ ਪਿੰਡਾਂ ਦੇ ਸਰਪੰਚੀ ਅਤੇ ਪੰਚੀ ਲਈ ਯੋਗ ਪਾਏ ਉਮੀਦਵਾਰਾਂ ਵਿੱਚੋਂ ਕਾਗਜ਼ ਵਾਪਸ ਲੈਣ ਵਾਲਿਆਂ ਤੋਂ ਇਲਾਵਾ ਬਾਕੀਆਂ ਨੂੰ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਅੱਜ ਬਲਾਕ ਧਾਰੀਵਾਲ ਦੇ ਰਿਟਰਨਿੰਗ ਅਫ਼ਸਰ (ਆਰਓ) ਨੰਬਰ-5 ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਸਿੱਧਵਾਂ ਦੇ ਸਰਪੰਚੀ ਦੇ ਉਮੀਦਵਾਰ ਲਈ ਪ੍ਰਾਪਤ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ’ਤੇ ਜਗਤਾਰ ਸਿੰਘ ਦੇ ਕਾਗਜ਼ ਦਰੁਸਤ ਪਾਏ ਗਏ ਜਦੋਂਕਿ ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ। ਜਗਤਾਰ ਸਿੰਘ ਪਿੰਡ ਸਿੱਧਵਾਂ ਦੇ ਬਿਨਾਂ ਮੁਕਾਬਲੇ ਸਰਪੰਚ ਬਣੇ ਹਨ। ਤਰਲੋਕ ਸਿੰਘ ਸੇਵਾਮੁਕਤ ਸੂਬੇਦਾਰ ਅਤੇ ਸੰਦੀਪ ਸਿੰਘ ਦੇ ਕਾਗਜ਼ ਰੱਦ ਹੋਏ ਹਨ। ਜਗਤਾਰ ਸਿੰਘ ਵੱਲੋਂ ਤਰਲੋਕ ਸਿੰਘ ਤੇ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਸਹਿਮਤੀ ਨਾਲ ਨਿਸ਼ਾਨ ਸਿੰਘ, ਪ੍ਰਤਾਪ ਸਿੰਘ, ਪਰਮਜੀਤ ਕੌਰ, ਦੀਪਾ ਮਸੀਹ ਅਤੇ ਰਜਵੰਤ ਕੌਰ ਪੰਚ ਬਣਾ ਦਿੱਤੇ ਗਏ ਹਨ। ਇਨ੍ਹਾਂ ਦੇ ਹੱਕ ਵਿੱਚ ਬਾਕੀ ਪੰਚੀ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। -ਪੱਤਰ ਪ੍ਰੇਰਕ