ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 31 ਮਾਰਚ
ਜੰਡਿਆਲਾ ਗੁਰੂ ਵਿੱਚ ਬੀਤੀ ਰਾਤ ਸਿੱਧੂ ਐਵੇਨਿਊ ਵਿੱਚੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਫਿਊਜ਼ਨ ਮਾਈਕਰੋ ਫਾਇਨਾਂਸ ਲਿਮਟਿਡ ਕੰਪਨੀ ਦੇ ਦਫ਼ਤਰ ਵਿਚੋਂ ਕਰੀਬ 10 ਲੱਖ ਰੁਪਏ ਲੁੱਟ ਲਏ। ਬ੍ਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਉਹ ਆਪਣੇ ਚਾਰ ਸਾਥੀਆਂ ਸਮੇਤ ਰਾਤ 8.50 ਵਜੇ ਦਫ਼ਤਰ ਵਿਚ ਕੁਲੈਕਸ਼ਨ ਕੀਤੀ ਰਕਮ ਗਿਣ ਰਹੇ ਸਨ। ਅਚਾਨਕ ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰੇ, ਜਿਨ੍ਹਾਂ ਵਿੱਚ ਤਿੰਨ ਦੇ ਕੋਲ ਪਿਸਤੌਲ ਸਨ, ਆ ਗਏ ਅਤੇ ਦਫ਼ਤਰ ਵਿੱਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੇ ਦਫਤਰ ਦੇ ਸਟਾਫ ਉਤੇ ਪਿਸਤੌਲਾਂ ਤਾਣ ਦਿੱਤੀਆਂ ਅਤੇ ਨਕਦੀ ਲੁੱਟ ਲਈ। ਮੈਨੇਜਰ ਮੁਤਾਬਕ ਲੁਟੇਰਿਆਂ ਨੇ ਕੁੱਲ 10 ਲੱਖ 34 ਹਜ਼ਾਰ 606 ਰੁਪਏ ਲੁੱਟ ਲਏ ਹਨ। ਉਸ ਨੇ ਦੱਸਿਆ ਬੀਤੀ 7 ਜਨਵਰੀ ਨੂੰ ਵੀ ਉਨ੍ਹਾਂ ਦੀ ਬਰਾਂਚ ਵਿੱਚੋਂ ਦੋ ਲੱਖ ਰੁਪਏ ਲੁੱਟ ਲਏ ਗਏ ਸਨ ਤੇ ਹੁਣ ਲਗਪਗ ਦੋ ਮਹੀਨੇ ਬਾਅਦ ਫਿਰ ਦੁਬਾਰਾ ਉਨ੍ਹਾਂ ਦੇ ਦਫ਼ਤਰ ਵਿੱਚ ਇਹ ਲੁੱਟ ਦੀ ਘਟਨਾ ਵਾਪਰੀ ਹੈ। ਜੰਡਿਆਲਾ ਗੁਰੂ ਦੇ ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ।