ਪੱਤਰ ਪ੍ਰੇਰਕ
ਜੈਂਤੀਪੁਰ, 20 ਜੂਨ
ਪਿੰਡ ਛਿੱਤ ਵਿਚ ਬਾਬਾ ਗੁਲਾਬ ਸ਼ਾਹ ਯਾਦਗਾਰੀ ਨੌਵਾਂ ਗੋਲਡ ਕਬੱਡੀ ਕੱਪ ਮੁੱਖ ਪ੍ਰਬੰਧਕ ਕੌਮੀ ਕਬੱਡੀ ਖਿਡਾਰੀ ਘੁੱਗੀ ਛਿੱਤ, ਪਿਆਰਾ ਸਿੰਘ ਸ਼ਾਹ, ਪ੍ਰਧਾਨ ਮੋਹਨ ਸਿੰਘ ਗਿੱਲ ਅਤੇ ਬਚਿੱਤਰ ਸਿੰਘ ਮੈਂਬਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਫਾਈਨਲ ਮੈਚ ਮਾਤਾ ਨਸੀਬ ਕੌਰ ਕਬੱਡੀ ਕਲੱਬ ਫਰਵਾਹੀ ਬੈਂਕਾ ਅਤੇ ਬਾਬਾ ਬਿਧੀ ਚੰਦ ਕਬੱਡੀ ਕੱਪ ਸੁਰਸਿੰਘ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬੜੇ ਫਸਵੇਂ ਅਤੇ ਰੌਚਕ ਮੁਕਾਬਲੇ ਵਿੱਚ ਫਰਵਾਹੀ ਬੈਂਕਾ ਦੀ ਟੀਮ ਨੇ 26 ਅੰਕਾਂ ਦੇ ਮੁਕਾਬਲੇ 35 ਅੰਕ ਲੈ ਕੇ ਕਬੱਡੀ ਖ਼ਿਤਾਬ ਅਤੇ ਪਹਿਲਾ ਇਨਾਮ ਇੱਕ ਲੱਖ ਰੁਪਏ ਜਿੱਤਿਆ। ਇਸ ਮੌਕੇ ਕੌਮੀ ਕਬੱਡੀ ਖਿਡਾਰੀ ਅੰਬਾ ਸੁਰਸਿੰਘ ਨੇ ਪੰਜ-ਪੰਜ ਹਜ਼ਾਰ ਦੀਆਂ ਅੱਠ ਰੇਡਾਂ ਦੇ ਚਾਲੀ ਹਜ਼ਾਰ ਦੇ ਸਪੈਸ਼ਲ ਇਨਾਮ ਜਿੱਤ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਇਸ ਮੌਕੇ ਬੱਲਪੁਰੀਆਂ ਅਤੇ ਢਡਿਆਲਾ ਨੱਤ ਦੀਆਂ ਟੀਮਾਂ ਅਤੇ ਛੋਟੇ ਬੱਚਿਆਂ ਦੀਆਂ ਪਿੰਡ ਛਿੱਤ ਅਤੇ ਢਡਿਆਲਾ ਨੱਤ ਦੀਆਂ ਟੀਮਾਂ ਵਿਚਕਾਰ ਸ਼ੋਅ ਮੈਚ ਵੀ ਕਰਵਾਏ ਗਏ, ਜਿਸ ਬੱਲਪੁਰੀਆਂ ਅਤੇ ਢਡਿਆਲਾ ਨੱਤ ਦੀਆਂ ਟੀਮਾਂ ਜੇਤੂ ਰਹੀਆਂ।