ਪੱਤਰ ਪ੍ਰੇਰਕ
ਧਾਰੀਵਾਲ, 14 ਫਰਵਰੀ
ਇਥੇ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ-ਬਸਪਾ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਪਿੰਡ ਗੁਰਦਾਸ ਨੰਗਲ ’ਚ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਊ ਦੇ ਘਰ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ,‘‘ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਹੈ, ਜਿਸ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਰੀਬ 3200 ਕਰੋੜ ਦੀ ਰਾਇਲਟੀ ਦੱਬੀ ਹੋਈ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੇ ਮਸਲੇ ’ਤੇ ਐੱਸਵਾਈਐੱਲ ਨਹਿਰ ਬਣਵਾਉਣ ਦੇ ਪੱਖ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ ਸੀ। ਕੇਜਰੀਵਾਲ ਇੱਥੇ ਸਿਰਫ ਸੱਤਾ ਹਥਿਆਉਣ ਦੀ ਨੀਅਤ ਨਾਲ ਆਇਆ ਹੈ। ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਪੰਜਾਬ ਦੇ ਭਲੇ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਮਸਲਿਆਂ ’ਤੇ ਅੱਗੇ ਹੋ ਕੇ ਉਸਾਰੂ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਦਿੱਲੀ ਦਾ ਰਹਿਣ ਵਾਲਾ ਕੇਜਰੀਵਾਲ ਪੰਜਾਬ ਦੇ ਦੁੱਖ-ਸੁੱਖ ਨੂੰ ਨਹੀਂ ਸਮਝ ਸਕਦਾ। ਪੰਜਾਬ ਵਿਰੋਧੀ ਸੋਚ ਵਾਲੇ ਅਜਿਹੇ ਲੋਕ ਜੇਕਰ ਸੂਬੇ ਵਿੱਚ ਅੱਗੇ ਆ ਗਏ ਤਾਂ ਪੰਜਾਬ ਨੂੰ ਬਚਾਉਣਾ ਔਖਾ ਹੋ ਜਾਵੇਗਾ।
ਕਾਦੀਆਂ ਹਲਕੇ ਦੇ ਉਮੀਦਵਾਰਾਂ ਨੇ ਪ੍ਰਚਾਰ ਮਘਾਇਆ
ਕਾਦੀਆਂ(ਪੱਤਰ ਪ੍ਰੇਰਕ): ਕਾਦੀਆਂ ਹਲਕੇ ਤੋਂ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਵੋਟਰਾਂ ਨੂੰ ਆਪਣੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਕਾਦੀਆਂ ’ਚ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਦਾ ਵੀ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਅੱਜ ਪ੍ਰਤਾਪ ਸਿੰਘ ਬਾਜਵਾ ਨੇ ਸਥਾਨਕ ਦਾਣਾ ਮੰਡੀ ਪਹੁੰਚਕੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਪੰਜਾਬ ’ਚ ‘ਆਪ’ ਦਾ ਤੂਫ਼ਾਨ ਆਉਣ ਵਾਲਾ ਹੈ। ਜੋ 73 ਸਾਲਾਂ ਤੋਂ ਲੋਕਾਂ ਦਾ ਖ਼ੂਨ ਚੂਸਣ ਵਾਲੀ ਪਾਰਟੀਆਂ ਦਾ ਸਫ਼ਾਇਆ ਕਰਕੇ ਨਵੇਂ ਪੰਜਾਬ ਦੀ ਨੀਂਹ ਰਖੇਗਾ।