ਪੱਤਰ ਪ੍ਰੇਰਕ
ਅਟਾਰੀ, 4 ਮਾਰਚ
ਕਿੰਨਰ ਸਮਾਜ ਨੇ ਅੱਜ ਵਿਸ਼ਵ ਸ਼ਾਂਤੀ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਲਈ ਅਟਾਰੀ ਬਾਜ਼ਾਰ ਵਿੱਚ ਮਾਰਚ ਕੱਢਿਆ, ਜਿਸ ਵਿੱਚ ਕਿੰਨਰ ਸਮਾਜ ਤੋਂ ਇਲਾਵਾ ਸਥਾਨਕ ਲੋਕ ਵੀ ਹਾਜ਼ਰ ਸਨ। ਇਸ ਮੌਕੇ ਅਟਾਰੀ ਬਾਜ਼ਾਰ ਦੇ ਮੋਹਤਬਰਾਂ ਨੇ ਮਾਰਚ ਵਿੱਚ ਸ਼ਾਮਲ ਲੋਕਾਂ ਨੂੰ ਸਿਰੋਪਓ ਪਾ ਕੇ ਸਨਮਾਨਿਤ ਵੀ ਕੀਤਾ। ਮਾਰਚ ਦੀ ਮੁਖੀ ਬਾਬਾ ਸੀਮਾ ਅਟਾਰੀ ਨੇ ਦੱਸਿਆ ਕਿ ਅੱਜ ਦਾ ਇਹ ਮਾਰਚ ਆਪਣੇ ਦਾਦ ਗੁਰੂ ਬਾਬਾ ਸਵਰਣੀ ਤੇ ਗੁਰੂ ਬਾਬਾ ਰਾਣੀ ਦੀ ਯਾਦ ਨੂੰ ਤਾਜ਼ਾ ਕਰਨ ਤੇ ਸਰਬੱਤ ਦੇ ਭਲੇ ਲਈ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਸਾਡੇ ਸਮਾਜ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਲਗਪਗ 8 ਦਿਨਾਂ ਤੱਕ ਚੱਲੇਗਾ, ਜਿਸ ਵਿੱਚ ਸਮੁੱਚੇ ਭਾਰਤ ਵਿੱਚੋਂ ਹਜ਼ਾਰਾਂ ਦੀ ਗਿਣਤੀ ’ਚ ਕਿੰਨਰ ਸਮਾਜ ਦੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮਾਰਚ ਦੌਰਾਨ ਉਹ ਪਿੰਡ ਦੇ ਸਾਰੇ ਗੁਰਦੁਆਰਿਆਂ ਤੇ ਮੰਦਰਾਂ ਸਮੇਤ ਹੋਰ ਧਾਰਮਿਕ ਥਾਵਾਂ ’ਤੇ ਵਿਸ਼ਵ ਸ਼ਾਂਤੀ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਅਰਦਾਸ ਕਰਨਗੇ। ਇਸ ਮੌਕੇ ਬਾਬਾ ਸੁੱਚਾ ਸਿੰਘ, ਅੰਮ੍ਰਿਤਪਾਲ ਸਿੰਘ ਸੰਨੀ, ਗੁਰਦੇਵ ਸਿੰਘ, ਮੇਜਰ ਸਿੰਘ ਤੇ ਬਲਦੇਵ ਸਿੰਘ ਸਣੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।