ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 18 ਜੂਨ
ਦੋ ਕਿਸਾਨਾਂ ਦਰਮਿਆਨ ਝਗੜੇ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਥਾਣਾ ਕਾਹਨੂੰਵਾਨ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਗੁਰਮੁਖ ਸਿੰਘ ਅਤੇ ਸਕੱਤਰ ਅਨੂਪ ਸਿੰਘ ਨੇ ਦੱਸਿਆ ਕਿ ਪਿੰਡ ਨੈਨੇਕੋਟ ਦੇ ਕਿਸਾਨ ਗੁਰਮੇਜ ਸਿੰਘ ਸਵਿੰਦਰ ਸਿੰਘ, ਗੁਲਜ਼ਾਰ ਸਿੰਘ ਅਤੇ ਰੌਸ਼ਨ ਸਿੰਘ ਦਾ ਦੂਜੀ ਧਿਰ ਦੇ ਭੁਪਿੰਦਰ ਸਿੰਘ ਨਾਲ ਖੇਤ ਦੇ ਬੰਨੇ ਕਾਰਨ ਝਗੜਾ ਹੋ ਗਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਦੇ ਸੱਟਾਂ ਲੱਗੀਆਂ ਸਨ ਪਰ ਪੁਲੀਸ ਵੱਲੋਂ ਗੁਰਮੇਜ ਸਿੰਘ ਦੀ ਧਿਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਭੁਪਿੰਦਰ ਸਿੰਘ ਦੇ ਖ਼ਿਲਾਫ਼ ਕੱਟੀ ਗਈ ਐੱਮਐੱਲਆਰ ਨੂੰ ਦਰਕਿਨਾਰ ਕਰਦਿਆਂ ਗੁਰਮੇਜ ਸਿੰਘ ਦੀ ਧਿਰ ਨਾਲ ਕਥਿਤ ਤੌਰ ’ਤੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਇਸ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਥਾਣਾ ਕਾਹਨੂੰਵਾਨ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਤੱਕ ਦੋਵਾਂ ਧਿਰਾਂ ਦੇ ਬਣਦੇ ਪਰਚੇ ਦਰਜ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਹਲਕਾ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਗੁਰਮੇਜ ਸਿੰਘ ਧਿਰ ਨਾਲ ਪੁਲੀਸ ਵੱਲੋਂ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਪੁਲੀਸ ਨੇ ਇਹ ਭਰੋਸਾ ਦਿੱਤਾ ਹੈ ਕਿ ਗੁਰਮੇਜ ਸਿੰਘ ਧਿਰ ਦੇ ਉੱਪਰ ਦਰਜ ਹੋਏ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਗੁਰਮੁਖ ਸਿੰਘ ਖ਼ਾਨ ਮਲੱਕ, ਸੋਹਣ ਸਿੰਘ ਨੈਨੇਕੋਟ, ਜਸਵੰਤ ਸਿੰਘ ਨੈਨੇਕੋਟ, ਜਰਨੈਲ ਸਿੰਘ ਲਾਧੂਪੁਰ, ਭਗਤ ਸਿੰਘ ਭਿੱਟੇ ਵੱਢ, ਨਿਸ਼ਾਨ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ, ਕਿਸਾਨ ਕਰਮ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਸੂਬਾ ਸਿੰਘ, ਬਲਜੀਤ ਸਿੰਘ, ਗੁਰਬਚਨ ਸਿੰਘ, ਲਖਵਿੰਦਰ ਸਿੰਘ, ਸਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।