ਪੱਤਰ ਪ੍ਰੇਰਕ
ਗੁਰਦਾਸਪੁਰ, 20 ਅਗਸਤ
ਜੇਲ੍ਹ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਰ.ਵੈਂਕਟਰਤਨਮ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰੋਨਾ ਨਾਲ ਨਜਿੱਠਣ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਰਤਨਮ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਅਗਲੇ ਦਿਨਾਂ ਵਿੱਚ ਹੋਰ ਸੁਚੇਤ ਹੋ ਕੇ ਲੋਕਾਂ ਨੂੰ ਕਰੋਨਾ ਟੈਸਟ ਕਰਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਅੰਦਰ ਕੰਮ ਕਰ ਰਹੇ ਸਟਾਫ ਦੇ ਟੈਸਟ ਵੀ ਕਰਵਾਏ ਜਾਣ।
ਨਵਾਂਸ਼ਹਿਰ, (ਪੱਤਰ ਪ੍ਰੇਰਕ): ਵਧੀਕ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਰਵਨੀਤ ਕੌਰ ਵੱਲੋਂ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕੋਵਿਡ-19 ਪ੍ਰਬੰਧਾਂ ਅਤੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ ਗਈ।ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਵਿਚ ਕੋਵਿਡ ਪਾਜ਼ੇਟਿਵ ਮਰੀਜ਼ਾਂ, ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ, ਕੋਵਿਡ ਜਾਂਚ ਲਈ ਕੀਤੇ ਜਾ ਰਹੇ ਵੱਖ-ਵੱਖ ਟੈਸਟਾਂ, ਕੋਵਿਡ ਨਾਲ ਨਜਿੱਠਣ ਲਈ ਸਿਹਤ ਵਿਭਾਗ ਕੋਲ ਮੌਜੂਦ ਸਾਜ਼ੋ-ਸਾਮਾਨ ਤੇ ਸਟਾਫ ਤੋਂ ਇਲਾਵਾ ਹੋਰਨਾਂ ਸਬੰਧਤ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਸਾਨੂੰ ਬੇਹੱਦ ਚੌਕਸ ਹੋਣ ਦੀ ਲੋੜ ਹੈ, ਕਿਉਂਕਿ ਸੂਬੇ ਭਰ ਵਿਚ ਕੋਵਿਡ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ’ਤੇ ਕਾਬੂ ਪਾਉਣ ਲਈ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਵਰਤੀ ਜਾਵੇ। ਇਸ ਮੌਕੇ ਉਨ੍ਹਾਂ ਕੋਵਿਡ ਨਾਲ ਹੋਰ ਪ੍ਰਭਾਵੀ ਢੰਗ ਨਾਲ ਨਜਿੱਠਣ ਸਬੰਧੀ ਅਧਿਕਾਰੀਆਂ ਦੇ ਸੁਝਾਅ ਵੀ ਲਏ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਵਧੀਕ ਮੁੱਖ ਸਕੱਤਰ ਨੂੰ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ, ਸੈਂਪਲਿੰਗ, ਇਕਾਂਤਵਾਸ ਕੇਂਦਰਾਂ, ਕਨਟੇਨਮੈਂਟ ਤੇ ਮਾਈਕਰੋ ਕਨਟੇਨਮੈਂਟ ਜ਼ੋਨਾਂ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਆਦਿ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ। ਐੱਸਐੱਸਪੀ ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
ਸ਼ਾਹਕੋਟ,(ਪੱਤਰ ਪ੍ਰੇਰਕ): ਸ਼ਾਹਕੋਟ ਵਿਚ ਅੱਜ 18 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣ ਨਾਲ ਕਰੋਨਾ ਮਰੀਜ਼ਾਂ ਵਿਚ ਰਿਕਾਰਡ ਵਾਧਾ ਹੋਇਆ ਹੈ। ਐਸ.ਐਮ.ਓ ਸ਼ਾਹਕੋਟ ਡਾ ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਅੱਜ ਕੀਤੇ ਗਏ ਰੈਪਿਡ ਟੈਸਟਾਂ ਵਿਚੋ 5 ਦੀ ਅਤੇ ਆਰ ਟੀ-ਪੀ ਸੀ ਆਰ ਟੈਸਟਾਂ ਦੀ ਆਈ ਰਿਪੋਰਟ ਵਿਚ 13 ਵਿਅਕਤੀਆਂ ਦੀ ਰਿਪੋਰਟ ਪਾਜੇਟਿਵ ਆਈ ਹੈ।
ਸਾਬਕਾ ਕੌਂਸਲਰ ਦੀ ਕਰੋਨਾ ਨਾਲ ਮੌਤ
ਫਤਿਹਗੜ੍ਹ ਚੂੜੀਆਂ(ਪੱਤਰ ਪ੍ਰੇਰਕ): ਕੋਵਿਡ-19 ਨਾਲ ਫਤਿਹਗੜ੍ਹ ਚੂੜੀਆਂ ਵਿੱਚ ਸਾਬਕਾ ਕੌਂਸਲਰ ਕੁਲਬੀਰ ਜੋਸ਼ੀ ਦੀ ਕਰੋਨਾ ਕਰਕੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸਾਬਕਾ ਕੌਂਸਲਰ ਕੁਲਬੀਰ ਜੋਸ਼ੀ ਦਾ ਕਰੋਨਾ ਟੈਸਟ ਪਾਜੇਟਿਵ ਆਉਣ ਕਾਰਨ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਸਨ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮਾਸਕ ਨਾ ਪਾਉਣ ਵਾਲਿਆਂ ਨੂੰ 1.54 ਕਰੋੜ ਜੁਰਮਾਨਾ
ਜਲੰਧਰ (ਪਾਲ ਸਿੰਘ ਨੌਲੀ):ਪੁਲੀਸ ਕਮਿਸ਼ਨਰੇਟ ਜਲੰਧਰ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਹੁਣ ਤੱਕ ਮਾਸਕ ਨਾ ਪਾਉਣ ਵਾਲੇ 32,214 ਲੋਕਾਂ ਨੂੰ 1.54 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਵਲੋਂ ਮਾਸਕ ਨਾ ਪਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਤੱਕ 32,214 ਲੋਕਾਂ ਨੂੰ 1,54,52,600 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਬੈਂਕ ਦਾ ਮੈਨੇਜਰ ਕਰੋਨਾ ਪਾਜ਼ੇਟਿਵ
ਭੁਲੱਥ (ਦਲੇਰ ਸਿੰਘ ਚੀਮਾ): ਸਥਾਨਕ ਐੱਚਡੀਐੱਫਸੀ ਬੈਂਕ ਦੇ ਮੈਨੇਜਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਭੁਲੱਥ ਡਾਕਟਰ ਦੇਸ ਰਾਜ ਭਾਰਤੀ ਨੇ ਦੱਸਿਆ ਕਿ ਅੱਜ ਐੱਚਡੀਐੱਫਸੀ ਬੈਂਕ ਸ਼ਾਖਾ ਭੁਲੱਥ ਦੇ ਮੈਨੇਜਰ ਅਮਨਦੀਪ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਬਰਾਂਚ ਵਿੱਚ ਗਾਹਕਾਂ ਦੇ ਆਉਣ ਜਾਣ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਭਲ੍ਹਕੇ ਸਾਰੇ ਸਟਾਫ ਦੇ ਟੈਸਟ ਕਰਵਾਏ ਜਾਣਗੇ।