ਪੱਤਰ ਪ੍ਰੇਰਕ
ਤਰਨ ਤਾਰਨ, 27 ਜੁਲਾਈ
ਪੇਂਡੂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆ ਦੇ ਜ਼ਿਲ੍ਹਾ ਆਗੂਆਂ ਵਲੋਂ ਅੱਜ ਇਥੇ ਮੀਟਿੰਗ ਕਰਕੇ ਗਰੀਬ ਵਰਗਾਂ ਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ| ਜਥੇਬੰਦੀਆਂ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਭੈਲ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਚਮਨ ਲਾਲ ਦਰਾਜਕੇ, ਜਸਬੀਰ ਸਿੰਘ ਵੈਰੋਵਾਲ, ਹਰਜਿੰਦਰ ਸਿੰਘ ਚੂੰਘ, ਜੋਗਿੰਦਰ ਸਿੰਘ ਖਡੂਰ ਸਾਹਿਬ, ਕੁਲਵੰਤ ਸਿੰਘ ਜਾਮਾਰਾਏ ਨੇ ਸੰਬੋਧਨ ਕੀਤਾ| ਜਥੇਬੰਦੀ ਨੇ ਬਲਾਕ ਪੱਧਰ ’ਤੇ ਧਰਨੇ ਦੇਣ ਤੋਂ ਬਾਅਦ 8 ਅਗਸਤ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਧਰਨਾ ਦੇਣ ਦਾ ਪਰੋਗਰਾਮ ਉਲੀਕਿਆ| ਮੀਟਿੰਗ ਵਿੱਚ ਇਲਾਕੇ ਦੇ ਪਿੰਡ ਤੁੜ ਦੇ ਇਕ ਪਰਿਵਾਰ ਵੱਲੋਂ ਪਾਣੀ ਰੋਕਣ ਨਾਲ ਮਜ਼ਦੂਰਾਂ ਦੇ ਘਰਾਂ ਅੰਦਰ ਬਰਸਾਤ ਦਾ ਪਾਣੀ ਵੜ੍ਹ ਆਉਣ ਦੇ ਮਾਮਲੇ ਦਾ ਨਿਪਟਾਰਾ ਨਾ ਕਰਨ ਲਈ ਪ੍ਰਸ਼ਾਸਨ ਦੀ ਨਿਖੇਧੀ ਕੀਤੀ| ਮੀਟਿੰਗ ਵਿੱਚ ਬੇਘਰੇ ਲੋਕਾਂ ਨੂੰ ਪਲਾਟ ਦੇਣ, ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ, ਸਮਾਜਿਕ ਸੁਰੱਖਿਆ ਸਕੀਮ ਦੀਆਂ ਪੈਨਸ਼ਨਾਂ ਪੰਜ ਹਜ਼ਾਰ ਰੁਪਏ ਕਰਨ ਅਤੇ ਪੁਰਸ਼ਾਂ ਅਤੇ ਔਰਤਾਂ ਲਈ ਉਮਰ ਹੱਦ ਕ੍ਰਮਵਾਰ 58 ਸਾਲ ਤੇ 55 ਸਾਲ ਕੀਤੇ ਜਾਣ ਦੀ ਮੰਗ ਕੀਤੀ|