ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 23 ਅਪਰੈਲ
ਇਲਾਕੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਜਾਰੀ ਹੈ ਜਿਸ ਦੇ ਰੋਸ ਵਜੋਂ ਜਮਹੂਰੀ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਇਥੇ ਦਾਣਾ ਮੰਡੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਹਲਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਨੂੰਨ, ਚੱਕ ਸ਼ਰੀਫ਼, ਬੇਰੀ ਅਤੇ ਲਾਧੂਪੁਰ ਸ਼ਾਮਲ ਹਨ। ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਕਣਕ ਦੀ ਖਰੀਦ ਕਰਨ ਮੌਕੇ ਆ ਰਹੀਆਂ ਔਕੜਾਂ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹਲਕੇ ਦੀਆਂ ਬਹੁਤੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਸਮੱਸਿਆ ਮੁੱਖ ਤੌਰ ’ਤੇ ਪਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੰਡੀ ਬੋਰਡ ਤੋਂ ਮੰਗ ਕੀਤੀ ਕਿ ਦਾਣਾ ਮੰਡੀਆਂ ਵਿੱਚ ਬਾਰਦਾਨਾ ਛੇਤੀ ਪਹੁੰਚਾਇਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਕਰਨੈਲ ਸਿੰਘ ਮਾਨ, ਤਰਸੇਮ ਸਿੰਘ, ਸੁਖਦੇਵ ਸਿੰਘ ਗੁਰਾਇਆ ਹਾਜ਼ਰ ਸਨ।
ਇਸੇ ਦੌਰਾਨ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਦਾਣਾ ਮੰਡੀਆਂ ਵਿੱਚ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਯਤਨ ਅਰੰਭੇ ਹਨ। ਇਹ ਜਾਣਕਾਰੀ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਨੇ ਦਿੰਦਿਆਂ ਦੱਸਿਆ ਕਿ ਸ੍ਰੀ ਬਾਜਵਾ ਨੇ ਐੱਫਸੀਆਈ ਦੇ ਅਧਿਕਾਰੀ ਕੇਏਪੀ ਸਿਨਹਾ ਦੇ ਧਿਆਨ ਹੇਠ ਪੰਜਾਬ ਵਿਚ ਬਾਰਦਾਨੇ ਦੀ ਕਿੱਲਤ ਦਾ ਮਾਮਲਾ ਲਿਆਂਦਾ ਸੀ। ਇਸ ਤੋਂ ਬਾਅਦ ਐੱਫਸੀਆਈ ਅਧਿਕਾਰੀਆਂ ਵੱਲੋਂ ਤੁਰੰਤ ਇਸ ਉੱਤੇ ਅਮਲ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਾਰਦਾਨੇ ਦੀ ਮੌਜੂਦਾ ਸਥਿਤੀ ਬਾਰੇ ਜ਼ਿਲ੍ਹਾ ਖ਼ੁਰਾਕ ਅਫ਼ਸਰ ਅਤੇ ਹੋਰ ਖਰੀਦ ਏਜੰਸੀਆਂ ਤੋਂ ਜਾਣਕਾਰੀ ਲਈ। ਇਸ ਉਪਰੰਤ ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਬਾਰਦਾਨਾ ਮੁਹੱਈਆ ਕਰਵਾਉਣ ਦੀ ਉਪਰਾਲਾ ਕੀਤਾ ਜਾ ਰਿਹਾ ਹੈ।
ਮਾਰਕਫੈੱਡ ਦੇ ਐੱਮਡੀ ਵੱਲੋਂ ਤਰਨ ਤਾਰਨ ਮੰਡੀ ਦਾ ਦੌਰਾ
ਤਰਨ ਤਾਰਨ (ਪੱਤਰ ਪ੍ਰੇਰਕ): ਮਾਰਕਫੈੱਡ ਦੇ ਐੱਮਡੀ ਵਰੁਣ ਰੂਜ਼ਮ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਇਥੋਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ| ਉਨ੍ਹਾਂ ਨਾਲ ਐੱਸਡੀਐੱਮ ਰਜਨੀਸ਼ ਅਰੋੜਾ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ| ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਬਾਰਦਾਨੇ ਦੀ ਸਥਿਤੀ, ਕਣਕ ਦੀ ਚੁਕਾਈ ਅਤੇ ਅਦਾਇਗੀ ਸਬੰਧੀ ਜਾਣਕਾਰੀ ਹਾਸਲ ਕੀਤੀ| ਉਨ੍ਹਾਂ ਮੰਡੀਆਂ ਵਿੱਚ ਕੋਵਿਡ ਨਿਯਮਾਂ ਦੀਆਂ ਸਾਵਧਾਨੀਆਂ ਦਾ ਪਾਲਣ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ| ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3,09,371 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 2,77,487 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।