ਜਤਿੰਦਰ ਬੈਂਸ
ਗੁਰਦਾਸਪੁਰ, 28 ਅਪਰੈਲ
ਖੇਤੀ ਕਾਨੂੰਨਾਂ ਖਿਲਾਫ਼ ਇਥੇ ਰੇਲਵੇ ਸਟੇਸ਼ਨ ’ਤੇ ਪੱਕਾ ਮੋਰਚਾ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ ਦੇ ਕਾਰਕੁਨਾਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਦੂਰ ਕਰਨ ਸਮੇਤ ਕਣਕ ਦੀ ਖਰੀਦ ਨਾਲ ਜੁੜੀਆਂ ਸਮੱਸਿਆਵਾਂ ਦਾ ਦੋ ਦਿਨਾਂ ਦੇ ਅੰਦਰ ਕੋਈ ਹੱਲ ਨਾ ਕੀਤਾ ਗਿਆ ਤਾਂ ਵਿਸ਼ੇਸ਼ ਮੀਟਿੰਗ ਸੱਦ ਕੇ ਸੰਘਰਸ਼ ਦਾ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ। ਕਿਸਾਨ ਸਵੇਰੇ ਰੇਲਵੇ ਸਟੇਸ਼ਨ ’ਤੇ ਪੱਕੇ ਮੋਰਚੇ ਵਿੱਚ ਇੱਕਠੇ ਹੋਣ ਬਾਅਦ ਜਮਹੂਰੀ ਕਿਸਾਨ ਸਭਾ ਦੇ ਬਲਵਿੰਦਰ ਸਿੰਘ ਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਚਰਨਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਦਲਬੀਰ ਸਿੰਘ, ਕੁ੍ਲ ਹਿੰਦ ਕਿਸਾਨ ਸਭਾ ਦੇ ਗੁਰਚਰਨ ਸਿੰਘ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਵਧੀਕ ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਲੈਂਦਿਆਂ ਭਰੋਸਾ ਦਿੱਤਾ ਕਿ ਬਾਰਦਾਨੇ ਦੀ ਘਾਟ ਛੇਤੀ ਦੂਰ ਹੋਵੇਗੀ ਕਿਸਾਨਾਂ ਨੂੰ ਅਦਾਇਗੀ ਲਈ ਵੀ ਜਲਦ ਪ੍ਰਬੰਧ ਕੀਤੇ ਜਾਣਗੇ।
ਡੇਰਾ ਬਾਬਾ ਨਾਨਕ (ਡਾ. ਰਾਜਿੰਦਰ ਸਿੰਘ): ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਗੁਰਿੰਦਰ ਸਿੰਘ ਵੱਲੋ ਦਿੱਲੀ ਦੇ ਸਿੰਘੂ ਬਾਰਡਰ ਤੱਕ 600 ਕਿਲੋਮੀਟਰ ਲੰਬੀ ਦੌੜ ਸ਼ੁਰੂ ਕੀਤੀ ਗਈ| ਇਸ ਤੋਂ ਪਹਿਲਾਂ ਗੁਰਿੰਦਰ ਪਿੰਡ ਦੇ ਗੁਰਦੁਆਰਾ ਯਾਦਗਾਰ ਸਹੀਦ ਭਾਈ ਸਤਵੰਤ ਸਿੰਘ ਵਿਖੇ ਨਤਮਸਤਕ ਹੋਇਆ ਤੇ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲਿਆਂ ਨੇ ਗੁਰਿੰਦਰ ਨੂੰ ਸਨਮਾਨਿਤ ਕੀਤਾ| ਇਸ ਮੌਕੇ ਗੁਰਿੰਦਰ ਸਿੰਘ ਕਿਹਾ ਕਿ ਉਹ ਕਿਸਾਨ ਨਹੀਂ ਹੈ ਪਰ ਇਨਸਾਨ ਹੈ ਅਤੇ ਮੇਰੀ ਜ਼ਮੀਰ ਹੈ| ਉਸ ਨੇ ਕਿਹਾ ਕਿ ਉਹ ਕੇਦਰ ਦੀ ਸੁੱਤੀ ਸਰਕਾਰ ਨੂੰ ਜਗਾਉਣਾ ਚਾਹੁੰਦਾ ਹੈ| ਗੁਰਿੰਦਰ ਦੇ ਨਾਲ ਪਰਿਵਾਰ ਦੀ 6 ਮੈਂਬਰੀ ਟੀਮ ਵੀ ਰਹੇਗੀ| ਗੁਰਿੰਦਰ ਹਰ ਰੋਜ਼ 50 ਕਿਲੋਮੀਟਰ ਤੱਕ ਦੌੜੇਗਾ ਅਤੇ 12 ਦਿਨਾਂ ’ਚ ਦਿੱਲੀ ਪਹੁੰਚ ਜਾਵੇਗਾ। ਉਸ ਨੇ ਨੌਜਵਾਨਾਂ ਨੂੰ ਕਿਸਾਨੀ ਸੰਘਰਸ਼ ’ਚ ਹਿੱਸਾ ਲੈਣ ਦੀ ਅਪੀਲ ਕੀਤੀ।
ਬਾਰਦਾਨੇ ਦਾ ਕੰਟੇਨਰ ਚਰਚਾ ਦਾ ਵਿਸ਼ਾ ਬਣਿਆ
ਤਰਨ ਤਾਰਨ (ਗੁਰਬਖ਼ਸ਼ਪੁਰੀ): ਪਿਛਲੇ ਦੋ ਹਫਤਿਆਂ ਤੋਂ ਜ਼ਿਲ੍ਹੇ ਅੰਦਰ ਬਾਰਦਾਨੇ ਦੀ ਘਾਟ ਰੜਕ ਰਹੀ ਹੈ। ਅੱਜ ਸ਼ਹਿਰ ਦੇ ਨੇੜਲੇ ਪਿੰਡ ਅਲਾਦੀਨਪੁਰ ਦੇ ਡੇਰਾ ਬਾਬਾ ਬਸਤਾ ਸਿੰਘ ਨੂੰ ਕੌਮੀ ਸ਼ਾਹ ਮਾਰਗ ਤੋਂ ਜਾਂਦੇ ਰਸਤੇ ’ਤੇ ਇਕ ਸਰਕਾਰੀ ਕੰਟੇਨਰ ਵਿੱਚੋਂ ਕੁਝ ਚੋਣਵੇਂ ਲੋਕਾਂ ਨੂੰ ਦਿੱਤਾ ਗਿਆ ਬਾਰਦਾਨਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਹ ਸਰਕਾਰੀ ਕੰਟੇਨਰ ਇਕ ਉਜਾੜ ਜਿਹੇ ਸਥਾਨ ’ਤੇ ਖੜ੍ਹਾ ਕਰਕੇ ਬਾਰਦਾਨਾ ਕੁਝ ਲੋਕਾਂ ਨੂੰ ਦਿੱਤਾ ਗਿਆ| ਇਸ ਸਬੰਧੀ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਵੀ ਸਥਿਤੀ ਨੂੰ ਸਪੱਸ਼ਟ ਨਹੀਂ ਕਰ ਸਕੇ| ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ ਪਨਗਰੇਨ ਏਜੰਸੀ ਨੂੰ ਹੀ ਬਾਰਦਾਨਾ ਦੇਣ ਲਈ ਕਿਹਾ ਹੈ ਜਿਹੜਾ ਭਿੱਖੀਵਿੰਡ ਤਹਿਸੀਲ ਦੀਆਂ ਮੰਡੀਆਂ ਨੂੰ ਭੇਜਿਆ ਗਿਆ ਹੈ| ਚੋਣਵੇਂ ਵਿਅਕਤੀਆਂ ਨੂੰ ਬਾਰਦਾਨਾ ਦੇਣ ਦੇ ਛੇਤੀ ਬਾਅਦ ਹੀ ਕੰਟੇਨਰ ਗਾਇਬ ਹੋ ਗਿਆ| ਖੁਰਾਕ ਅਧਿਕਾਰੀ ਨੇ ਇਸ ਸਬੰਧੀ ਛੇਤੀ ਹੀ ਸਾਰੀ ਸਥਿਤੀ ਸਪਸ਼ਟ ਕਰਨ ਲਈ ਭਰੋਸਾ ਦਿੱਤਾ|