ਪੱਤਰ ਪ੍ਰੇਰਕ
ਤਰਨ ਤਾਰਨ, 13 ਨਵੰਬਰ
ਕਣਕ ਦੀ ਬਿਜਾਈ ਦਾ ਸੀਜਨ ਕਰੀਬ ਲੰਘਣ ਵਾਲਾ ਹੈ ਪਰ ਕਿਸਾਨ ਅਜੇ ਤਕ ਡੀਏਪੀ ਖਾਦ ਦੀ ਘਾਟ ਕਾਰਨ ਪ੍ਰੇਸ਼ਾਨ ਹਨ। ਖਾਦ ਨਾ ਮਿਲਣ ਕਾਰਨ ਕਿਸਾਨਾਂ ਦੀ ਬਿਜਾਈ ਪਛੜ ਰਹੀ ਹੈ।
ਇਸ ਸਬੰਧੀ ਚੰਬਾ ਕਲਾਂ ਦੇ ਕਿਸਾਨ ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨ ਦੇ ਦੁੱਖਾਂ ਦਰਦਾਂ ਤੋਂ ਅਨਜਾਣ ਹੈ। ਕਣਕ ਦੀ ਬਿਜਾਈ ਦੇ ਸੀਜਨ ਹੋਣ ਦੇ ਬਾਵਜੂਦ ਖਾਦ ਨਹੀਂ ਦਿੱਤੀ ਜਾ ਰਹੀ| ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਦੇ ਕਿਸਾਨ ਖਾਦ ਦੀ ਘਾਟ ਤੋਂ ਪ੍ਰੇਸ਼ਾਨ ਹਨ। ਪਿੰਡ ਲਾਲੂਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਡੀਲਰ ਕਿਸਾਨਾਂ ਕੋਲੋਂ ਸਰਕਾਰ ਵੱਲੋਂ ਨਿਰਧਾਰਿਤ 1200 ਰੁਪਏ ਪ੍ਰਤੀ ਤੋੜਾ ਦੀ ਬਜਾਇ 1400 ਰੁਪਏ ਵਸੂਲ ਰਹੇ ਹਨ। ਪ੍ਰਸ਼ਾਸਨ ਖਾਦ ਦੀ ਕਾਲਾਬਾਜ਼ਾਰੀ ਰੋਕਣ ਵਿੱਚ ਅਸਫ਼ਲ ਹੋ ਰਿਹਾ ਹੈ|
ਇਸ ਸਬੰਧੀ ਮੁੱਖ ਖੇਤੀਬਾੜੀ ਅਧਿਕਾਰੀ (ਸੀਏਓ) ਡਾ. ਜਗਵਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡੀਏਪੀ ਖਾਦ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 1,86,000 ਹੈਕਟੇਅਰ ਰਕਬਾ ਕਣਕ ਦੀ ਫ਼ਸਲ ਹੇਠ ਹੈ। ਹੁਣ ਤੱਕ 70 ਫ਼ੀਸਦੀ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿੱਚ ਡੀਏਪੀ ਖਾਦ ਦੇ ਰੈਕ ਆ ਰਹੇ ਹਨ ਜਿਸ ਨਾਲ ਬਾਕੀ ਕਣਕ ਦੀ ਬਿਜਾਈ ਲਈ ਲੋੜੀਂਦੀ ਖਾਦ ਦੀ ਪੂਰਤੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਖਾਦ ਦੀ ਕਾਲਾਬਾਜ਼ਾਰੀ ਅਤੇ ਟੈਗਿੰਗ ਨੂੰ ਰੋਕਣ ਲਈ ਪਹਿਲਾਂ ਹੀ ਖੇਤੀਬਾੜੀ ਅਧਿਕਾਰੀਆਂ ਨੂੰ ਡੀਏਪੀ ਖਾਦ ਦੀ ਵਿਕਰੀ ਆਪਣੀ ਹਾਜ਼ਰੀ ਵਿੱਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਅਧਿਕਾਰੀਆਂ ਨੂੰ ਪੀਓਐੱਸ ਮਸ਼ੀਨਾਂ, ਡੀਲਰਾਂ ਦੇ ਸਟਾਕ ਰਜਿਸਟਰ ਅਤੇ ਸਹਿਕਾਰੀ ਸਭਾਵਾਂ ਵਿੱਚ ਸਟਾਕ ਦੀ ਜਾਂਚ ਅਤੇ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।