ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 18 ਅਪਰੈਲ
ਕਸਬਾ ਗੋਇੰਦਵਾਲ ਸਾਹਿਬ ਦੇ ਮਾਝੇ ਅਤੇ ਦੋਆਬੇ ਨੂੰ ਜੋੜਨ ਵਾਲਾ ਪੁਲੀਸ ਸੁਰੱਖਿਆ ਨਾਕਾ ਪਿਛਲੇ ਕੁਝ ਦਿਨਾਂ ਤੋਂ ਪੁਲੀਸ ਮੁਲਾਜ਼ਮਾ ਤੋਂ ਸੱਖਣਾ ਹੋਣ ਕਾਰਨ ਸਮਾਜ ਵਿਰੋਧੀ ਅਨਸਰਾਂ ਅਤੇ ਹੁਲੜਬਾਜ਼ੀ ਕਰਨ ਵਾਲਿਆਂ ਲਈ ਵਰਦਾਨ ਸਾਬਤ ਹੋ ਰਿਹਾ। ਜ਼ਿਕਰਯੋਗ ਹੈ ਕਿ ਕਸਬੇ ਦੇ ਕਪਰੂਥਲਾ ਚੌਕ ਵਿਚ ਪਿਛਲੇ ਤਿੰਨ ਦਹਾਕਿਆ ਤੋਂ ਮਾਝੇ ਦੇ ਪ੍ਰਵੇਸ਼ ਦੁਆਰ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਥਾਪਤ ਕੀਤਾ ਗਿਆ ਪੁਲੀਸ ਨਾਕਾ ਕੁੱਝ ਦਿਨਾ ਤੋਂ ਬੰਦ ਕਰ ਦਿੱਤਾ ਗਿਆ ਹੈ। ਪੁਲੀਸ ਨਾਕੇ ’ਤੇ ਤਾਇਨਾਤ ਪੁਲੀਸ ਮੁਲਾਜ਼ਮਾ ਨੂੰ ਇਸ ਨਾਕੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਸ ਪੁਲੀਸ ਨਾਕੇ ਦੀ ਸੁਰੱਖਿਆ ਰੱਬ ਆਸਰੇ ਦਿਖਾਈ ਦੇ ਰਹੀ ਹੈ। ਇਸ ਕਾਰਨ ਸਮਾਜ ਵਿਰੋਧੀ ਅਨਸਰਾਂ ਏਧਰ ਉਧਰ ਜਾਣਾ ਸੌਖਾ ਹੋ ਗਿਆ ਹੈ। ਇਸ ਕਾਰਨ ਸਮੁੱਚੇ ਇਲਾਕੇ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ। ਹੁਣ ਇਲਾਕੇ ਵਿਚ ਲੁੱਟ-ਖੋਹ ਅਤੇ ਹੁੱਲੜਬਾਜ਼ੀ ਦੀਆ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ।
ਪੁਲੀਸ ਨਾਕੇ ’ਤੇ ਜਲਦੀ ਮੁਲਾਜ਼ਮ ਤਾਇਨਾਤ ਹੋਣਗੇ: ਐੱਸਐੱਸਪੀ
ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਕਪਰੂਥਲਾ ਚੌਕ ਦੇ ਨਾਕੇ ਦੀ ਨਫਰੀ ਕਸਬੇ ਵਿਚ ਨਸ਼ਿਆ ਲਈ ਬਦਨਾਮ ਨਿੰਮ ਵਾਲੀ ਘਾਟੀ ਦੇ ਮੁਹੱਲੇ ਵਿੱਚ ਤਾਇਨਾਤ ਕੀਤੀ ਗਈ ਹੈ। ਨਾਕੇ ’ਤੇ ਰਾਤ ਸਮੇਂ ਪੁਲੀਸ ਮੁਲਾਜ਼ਮ ਤਾਇਨਾਤ ਹੁੰਦੇ ਹਨ। ਜ਼ਿਲ੍ਹਾ ਪੁਲੀਸ ਮੁਖੀ ਰਣਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਸਥਿਤ ਪੁਲੀਸ ਨਾਕੇ ’ਤੇ ਜਲਦੀ ਹੀ ਮੁੜ ਪੁਲੀਸ ਮੁਲਾਜ਼ਮ ਤਾਇਨਾਤ ਹੋਣਗੇ।