ਪੱਤਰ ਪ੍ਰੇਰਕ
ਕਾਹਨੂੰਵਾਨ, 6 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਕੋਟ ਬੁੱਢਾ ਦੇ ਲਖਬੀਰ ਸਿੰਘ ਨੇ ਸਕੇ ਭਰਾ ਉੱਤੇ ਉਸ ਦੀ ਜ਼ਮੀਨ ਧੱਕੇ ਨਾਲ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਲਖਬੀਰ ਸਿੰਘ ਨੇ ਕਿਹਾ ਕਿ ਉਸ ਦੀ ਜ਼ਮੀਨ ਦਾ ਕੁਝ ਰਕਬਾ ਕਾਹਨੂੰਵਾਨ ਤੋਂ ਬਟਾਲਾ ਜਾਣ ਵਾਲੀ ਸੜਕ ਦੇ ਕੰਢੇ ਪਿੰਡ ਕੋਟ ਬੁੱਢਾ ਵਿੱਚ ਪੈਂਦਾ ਹੈ। ਉਸ ਨੇ ਕਿਹਾ ਕਿ ਸਟੇਅ ਆਰਡਰ ਦੇ ਬਾਵਜੂਦ ਉਸ ਦੇ ਭਰਾ ਨੇ ਉਸ ਦੀ ਜ਼ਮੀਨ ਦੁਆਲੇ ਚਾਰਦੀਵਾਰੀ ਕਰ ਕੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਪੁਲੀਸ ਨੂੰ ਮਾਲ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਪਰ ਇਨਸਾਫ਼ ਨਹੀਂ ਮਿਲ ਰਿਹਾ। ਉਸ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਸੇਖਵਾਂ ਦੇ ਮੁਖੀ ਐੱਸਆਈ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਮਾਲ ਮਹਿਕਮੇ ਨਾਲ ਸਬੰਧਤ ਹੈ। ਉਧਰ ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਨੇ ਕਿਹਾ ਕਿ ਜੇ ਅਦਾਲਤ ਦੇ ਸਟੇਅ ਆਰਡਰ ਤੋੜੇ ਗਏ ਹਨ ਤਾਂ ਇਸ ਕਾਰਵਾਈ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਨਹੀਂ ਸਗੋਂ ਪੁਲੀਸ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਹੈ। ਐੱਸਡੀਐੱਮ ਅਮਨਦੀਪ ਕੌਰ ਗੁਰਦਾਸਪੁਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਹਿਤ ਨਹੀਂ ਹੈ। ਇਸ ਲਈ ਉਹ ਇਸ ਮਾਮਲੇ ਸਬੰਧੀ ਕੁੱਝ ਵੀ ਨਹੀਂ ਦੱਸ ਸਕਦੇ।