ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਅਕਤੂਬਰ
ਸਰਕਾਰ ਵੱਲੋਂ ਬੇਜ਼ਮੀਨੇ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ 7 ਅਕਤੂਬਰ ਤੱਕ ਗ੍ਰਾਮ ਸਭਾ ਕਰ ਕੇ ਲੋੜਵੰਦਾਂ ਦੇ ਹੱਕ ਵਿੱਚ ਮਤੇ ਪਾਸ ਕਰਨ ਤੋਂ ਇਨਕਾਰੀ ਗ੍ਰਾਮ ਪੰਚਾਇਤਾਂ ਦੇ ਵਿਰੋਧ ਵਿੱਚ ਅੱਜ ਬੀਡੀਪੀਓ ਦਫ਼ਤਰ ਨਕੋਦਰ ਅੱਗੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡਾਂ ਤੋਂ ਆਏ ਬੇਜ਼ਮੀਨੇ ਲੋਕਾਂ ਨੇ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮਤਾ ਨਾ ਪਾਉਣ ਲਈ ਜ਼ਿੰਮੇਵਾਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਯੂਨੀਅਨ ਦੇ ਆਗੂ ਵਿਜੇ ਬਾਠ ਨੇ ਕਿਹਾ ਕਿ ਪਿੰਡ ਬਾਠ ਵਿੱਚ 2018-19 ਵਿੱਚ ਮਜ਼ਦੂਰਾਂ ਨੇ ਸੰਘਰਸ਼ ਰਾਹੀਂ ਗ੍ਰਾਮ ਸਭਾ ਕਰਵਾ ਕੇ 182 ਜਣਿਆਂ ਨੂੰ ਯੋਗ ਸਮਝਦੇ ਮਤਾ ਪਾਸ ਕੀਤਾ ਸੀ। ਇਸ ਮੌਕੇ ਪਹੁੰਚੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਬੇਸ਼ੱਕ ਅੱਜ ਦਲਿਤ ਮੁੱਖ ਮੰਤਰੀ ਦੇ ਨਾਂ ’ਤੇ ਸਿਆਸਤ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦਲਿਤਾਂ ਨੂੰ ਪੰਜ-ਪੰਜ ਮਰਲੇ ਪਲਾਟ ਦੇਣ ਦੇ ਹੁਕਮ ਨੂੰ ਅੱਜ ਵੀ ਸਰਕਾਰੀ ਅਫ਼ਸਰ ਅਤੇ ਪੰਚਾਇਤਾਂ ਵੱਲੋਂ ਟਿੱਚ ਸਮਝਿਆ ਗਿਆ। ਇਸ ਕਰ ਕੇ ਅੱਜ ਬੇਜ਼ਮੀਨੇ ਲੋਕਾਂ ਨੂੰ ਆਪਣੀ ਲੜਾਈ ਪਿੰਡਾਂ ਵਿੱਚ ਕੇਂਦਰਤ ਕਰਨੀ ਪਵੇਗੀ, ਇਸ ਲਈ ਕਿਸਾਨ-ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨਾ ਪਵੇਗਾ। ਇਸ ਮੌਕੇ ਰਜਨੀ ਅਹੀਰ, ਆਸ਼ਾ ਲਾਲੀ, ਪਰਮਜੀਤ ਲਾਲੀ, ਮਨਜੀਤ ਕੁਮਾਰ ਲਾਲੀ, ਅੰਮ੍ਰਿਤ, ਕੀਮਤ ਅਤੇ ਸੰਧਿਆ ਆਦਿ ਨੇ ਸੰਬੋਧਨ ਕੀਤਾ।
ਭੁਲੱਥ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਨੇ ਮੰਗਾਂ ਦੇ ਹੱਕ ਵਿੱਚ ਬੱਸ ਅੱਡਾ ਨਡਾਲਾ ਵਿਚ ਰੋਸ ਮੁਜ਼ਾਹਰਾ ਕਰਦਿਆਂ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇੱਥੇ ਕੋਈ ਸੁਣਵਾਈ ਨਾ ਹੋਣ ’ਤੇ ਬੀਡੀਪੀਓ ਨਡਾਲਾ ਦਾ ਗੇਟ ਬੰਦ ਕਰ ਦਿੱਤਾ। ਯੂਨੀਅਨ ਦੀ ਮੰਗ ਹੈ ਕਿ ਮੁੱਖ ਮੰਤਰੀ ਦੇ ਐਲਾਨ ਦੇ ਬਾਅਦ ਵੀ ਅਧਿਕਾਰੀ ਗ਼ਰੀਬ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ’ਚੋਂ ਰਿਹਾਇਸ਼ੀ ਪਲਾਟ ਦੇਣ ਲਈ ਤਿਆਰ ਨਹੀਂ ਹੋ ਰਹੇ। ਇਸ ਧਰਨੇ ਵਿੱਚ ਪੇਂਡੂ ਔਰਤਾਂ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕੋਈ ਸੁਣਵਾਈ ਨਾ ਹੋਣ ’ਤੇ ਬੀਡੀਪੀਓ ਦਫ਼ਤਰ ਦੇ ਘਿਰਾਓ ਤੋਂ ਬਾਅਦ ਨਡਾਲਾ ਚੌਕ ਘੇਰਿਆ ਗਿਆ।
ਇਸ ਮੌਕੇ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੇ ਬਾਵਜੂਦ ਬੀਡੀਪੀਓ ਨਡਾਲਾ ਨੇ ਕੋਈ ਕਾਰਵਾਈ ਨਹੀਂ ਕੀਤੀ। ਕਰੀਬ ਸਾਢੇ ਘੰਟੇ ਬਾਅਦ ਬੀਡੀਪੀਓ ਢਿਲਵਾਂ ਤਰਸੇਮ ਸਿੰਘ ਭੱਟੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸ਼ਾਹਕੋਟ (ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਇਕਾਈ ਤਹਿਸੀਲ ਕਮੇਟੀ ਸ਼ਾਹਕੋਟ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਾਹਕੋਟ ਮਲਕੀਤ ਸਿੰਘ ਅਤੇ ਬੀਡੀਪੀਓ ਲੋਹੀਆਂ ਖ਼ਾਸ ਦੇ ਦਫ਼ਤਰ ’ਚ ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨ ਸੁਰਜੀਤ ਕੌਰ ਨੂੰ ਮੰਗ ਪੱਤਰ ਦੇ ਕੇ ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦੇਣ ਦੀ ਮੰਗ ਕੀਤੀ। ਯੂਨੀਅਨ ਦੀ ਤਹਿਸੀਲ ਪ੍ਰਧਾਨ ਗੁਰਬਖਸ ਕੌਰ ਅਤੇ ਸਕੱਤਰ ਗੁਰਚਰਨ ਸਿੰਘ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਵਿਚ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਪਿੰਡਾਂ ਵਿਚ ਬੇਜ਼ਮੀਨੇ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਮਤੇ ਪਾਏ ਹੋਏ ਹਨ, ਉਨ੍ਹਾਂ ਵਿਚ ਗ੍ਰਾਮ ਸਭਾ ਦੇ ਇਜਲਾਸ ਬੁਲਾ ਕੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ। ਉਕਤ ਕੰਮ ਤੋਂ ਵਾਂਝੇ ਰਹਿ ਗਏ ਪਿੰਡਾਂ ਵਿਚ ਆਮ ਇਜਲਾਸ ਬੁਲਾ ਕੇ ਲੋੜਵੰਦਾਂ ਨੂੰ ਪਲਾਟ ਦੇਣ ਲਈ ਮਤੇ ਪਾਏ ਜਾਣ।
ਮਸਾਣੀਆਂ ਮਾਮਲੇ ’ਚ ਇਨਸਾਫ਼ ਮੰਗਿਆ
ਗੁਰਦਾਸਪੁਰ (ਜਤਿੰਦਰ ਬੈਂਸ): ਪਿੰਡ ਮਸਾਣੀਆਂ ਵਿਚ ਅਨੁਸੂਚਿਤ ਜਾਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਕਥਿਤ ਡੰਮੀ ਬੋਲੀ ਤੋਂ ਬਾਅਦ ਵਿਰੋਧ ਕਰ ਰਹੇ ਅਨੁਸੂਚਿਤ ਭਾਈਚਾਰੇ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਮਜ਼ਦੂਰ ਜਥੇਬੰਦੀਆਂ ਦਾ ਵਫ਼ਦ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਆਗੂਆਂ ਰਾਜ ਕੁਮਾਰ ਪੰਡੋਰੀ, ਜੋਗਿੰਦਰਪਾਲ ਲੇਹਲ, ਧਿਆਨ ਸਿੰਘ ਠਾਕੁਰ, ਸਰਵਣ ਸਿੰਘ ਭੋਲ਼ਾ, ਅਮਰ ਕ੍ਰਾਂਤੀ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜੇ ਮੰਗਾਂ ਨਾ ਮੰਨੀਆਂ ਤਾਂ 18 ਅਕਤੂਬਰ ਨੂੰ ਐੱਸਐੱਸਪੀ ਬਟਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਨਵਾਂਸ਼ਹਿਰ (ਲਾਜਵੰਤ ਸਿੰਘ): ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਬਟਾਲਾ ਦੇ ਪਿੰਡ ਮਸਾਣੀਆਂ ਵਿਚ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਪਿੰਡ ਦੇ ਧਨਾਢ ਚੌਧਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਯੂਨੀਅਨ ਦੇ ਜ਼ਿਲ੍ਹਾ ਆਗੂਆਂ ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ, ਅਸ਼ੋਕ ਕੁਲਾਰ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ 18 ਅਕਤੂਬਰ ਨੂੰ ਐਸਐਸਪੀ ਬਟਾਲਾ ਦੇ ਦਫ਼ਤਰ ਅੱਗੇ ਪੰਜਾਬ ਪੱਧਰੀ ਧਰਨਾ ਦਿੱਤਾ ਜਾਵੇਗਾ।