ਨਿੱਜੀ ਪੱਤਰ ਪ੍ਰੇਰਕ
ਬਟਾਲਾ, 26 ਸਤੰਬਰ
ਇੱਥੋਂ ਥੋੜ੍ਹੀ ਦੂਰ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫ਼ਗਾਨਾ ਵਿੱਚ ‘ਆਧੁਨਿਕ ਸਮੇਂ ਵਿੱਚ ਨੈਤਿਕ ਸਿੱਖਿਆ ਦੀ ਮਹੱਤਤਾ’ ਵਿਸ਼ੇ ਸਬੰਧੀ ਲੈਕਚਰ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਰਣਬੀਰ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਸਿੱਖ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਭਾਈ ਬਲਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਭਾਈ ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਜੋਕੇ ਸਮਾਜ ਵਿੱਚ ਨੈਤਿਕ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਨੈਤਿਕ ਸਿੱਖਿਆ ਦੀ ਲੋੜ ਹੈ। ਵਿਦਵਾਨ ਬੁਲਾਰੇ ਭਾਈ ਹਰਪ੍ਰਤਾਪ ਸਿੰਘ ਅਜਨਾਲਾ ਨੇ ਨੈਤਿਕ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭੂਮਿਕਾ ’ਤੇ ਵਿਸ਼ੇਸ਼ ਚਾਨਣਾ ਪਾਇਆ ਅਤੇ ਅਦਾਰੇ ਵੱਲੋਂ ਲਈ ਜਾਂਦੀ ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ। ਸਮਾਗਮ ਕਨਵੀਨਰ ਅਤੇ ਮੰਚ ਸੰਚਾਲਕ ਪ੍ਰੋ.ਅਸ਼ਵਨੀ ਕੁਮਾਰ ਨੇ ਵੀ ਸਮੂਹ ਵਿਦਿਆਰਥੀਆਂ ਨੂੰ ਨੈਤਿਕ ਪੱਖੋਂ ਮਜ਼ਬੂਤ ਬਣਨ ਦੀ ਤਾਕੀਦ ਕੀਤੀ। ਅਖ਼ੀਰ ਵਿਚ ਉਕਤ ਬੁਲਾਰਿਆਂ ਨੂੰ ਪੌਦੇ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ।