ਰਣਬੀਰ ਮਿੰਟੂ
ਚੇਤਨਪੁਰਾ, 21 ਜੁਲਾਈ
ਇੱਥੋਂ ਦੇ ਨੇੜਲੇ ਪਿੰਡ ਮੋਹਣ ਭੰਡਾਰੀਆਂ ਵਿੱਚ ਅੱਜ ਤੜਕੇ ਇਕ ਘਰ ਉੱਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਜਦ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਮੋਹਨ ਭੰਡਾਰੀਆਂ ਦੇ ਘਰ ਉੱਤੇ ਅੱਜ ਕਰੀਬ ਤਿੰਨ ਵਜੇ ਤੜਕੇ ਅਸਮਾਨੀ ਬਿਜਲੀ ਡਿੱਗ ਪਈ ਜਿਸ ਨਾਲ ਘਰ ਉੱਤੇ ਸੀਮਿੰਟ ਨਾਲ ਬਣਾਇਆ ਹੋਇਆ ਬਾਜ਼ ਅਤੇ ਪਾਣੀ ਵਾਲੀ ਟੈਂਕੀ ਨੁਕਸਾਨੇ ਗਏ। ਅਸਮਾਨੀ ਬਿਜਲੀ ਕਾਰਨ ਕੰਧਾਂ ਵਿੱਚ ਪਈ ਵਾਇਰਿੰਗ ਨੂੰ ਅੱਗ ਲੱਗ ਗਈ ਜਿਸ ਨਾਲ ਫਰਿੱਜ, ਵਾਸ਼ਿੰਗ ਮਸ਼ੀਨ, ਐੱਲਈਡੀ, ਪੱਖੇ, ਕੂਲਰ, ਇਨਵਰਟਰ ਬੈਟਰਾ ਤੇ ਹੋਰ ਇਲੈਕਟ੍ਰਾਨਿਕ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਕੰਧਾਂ ਵਿੱਚ ਵੱਡੇ ਵੱਡੇ ਪਾੜ ਪੈ ਗਏ। ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦੇ ਬੂਹੇ-ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਜਿਸ ਨਾਲ ਘਰ ਵਿੱਚ ਪਏ ਦੋ ਲੱਖ ਤੋਂ ਵਧੇਰੇ ਸਾਮਾਨ ਦਾ ਨੁਕਸਾਨ ਹੋ ਗਿਆ ਹੈ। ਬਿਜਲੀ ਪੈਣ ਨਾਲ ਆਂਢੀਆਂ ਗਵਾਢੀਆਂ ਦੇ ਤੀਹ ਦੇ ਕਰੀਬ ਹੋਰ ਘਰਾਂ ਦੀ ਵਾਇਰਿੰਗ ਵੀ ਸੜ ਗਈ ਤੇ ਕਈਆਂ ਦਾ ਮਾਲੀ ਨੁਕਸਾਨ ਵੀ ਹੋ ਗਿਆ। ਉਧਰ ਮੌਕੇ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੁੱਖ ਸਿੰਘ ਮੋਹਣ ਭੰਡਾਰੀਆਂ ਨੇ ਪੰਜਾਬ ਸਰਕਾਰ ਕੋਲੋਂ ਇਸ ਪਰਿਵਾਰ ਦੇ ਹੋਏ ਮਾਲੀ ਨੁਕਸਾਨ ਦੀ ਪੂਰਤੀ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ।