ਬਟਾਲਾ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਇੱਥੇ ਦੱਸਿਆ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਪੇਂਡੂ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬਹੁਤ ਸਾਰੀਆਂ ਸੜਕਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਦਿਹਾਤੀ ਸੰਪਰਕ ਸੜਕਾਂ ਦੀ ਮੁਰੰਮਤ ਦੇ ਤੀਜੇ ਪੜਾਅ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ 45 ਸੜਕਾਂ ਜਿਨ੍ਹਾਂ ਦੀ ਲੰਬਾਈ 69.56 ਕਿਲੋਮੀਟਰ ਬਣਦੀ ਹੈ, ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਕੰਮ ਉੱਪਰ 902 ਲੱਖ ਰੁਪਏ ਦੀ ਲਾਗਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਪਰਕ ਸੜਕਾਂ ਬਣਾਉਣ ਤੋਂ ਇਲਾਵਾ 29 ਲੱਖ ਰੁਪਏ ਦੀ ਲਾਗਤ ਨਾਲ 76 ਸੜਕਾਂ ਦਾ ਪੈਚ ਵਰਕ ਵੀ ਕੀਤਾ ਗਿਆ ਹੈ। ਦੱਸਿਆ ਕਿ ਚੌਥੇ ਪੜਾਅ ਤਹਿਤ 26.68 ਕਿਲੋਮੀਟਰ ਲੰਬੀਆਂ ਹੋਰ 20 ਸੜਕਾਂ 355 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ। ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਯਤਨਾ ਸਦਕਾ ਸੂਬੇ ਵਿੱਚ ਪੇਂਡੂ ਸੰਪਰਕ ਸੜਕਾਂ ਦਾ ਨੈੱਟਵਰਕ ਹੋਰ ਮਜ਼ਬੂਤ ਹੋਇਆ ਹੈ ਅਤੇ ਲੋਕਾਂ ਨੂੰ ਇੱਕ ਪਿੰਡ ਤੋਂ ਦੂਸਰੇ ਪਿੰਡ ਵਿਚ ਜਾਣ ਵਿੱਚ ਅਸਾਨੀ ਹੋਈ ਹੈ।