ਜੇ.ਬੀ.ਸੇਖੋਂ
ਗੜ੍ਹਸ਼ੰਕਰ, 4 ਅਗਸਤ
ਕੰਢੀ ਇਲਾਕੇ ਦੀਆਂ ਸਥਾਨਕ ਤਹਿਸੀਲ ’ਚ ਪੈਂਦੀਆਂ ਖਸਤਾ ਹਾਲ ਲਿੰਕ ਸੜਕਾਂ ਦੀ ਸਰਕਾਰ ਵਲੋਂ ਮੁਰੰਮਤ ਨਾ ਕਰਨ ਕਰ ਕੇ ਅੱਜ ਕੱਲ ਬਰਸਾਤ ਦੇ ਮੌਸਮ ਵਿੱਚ ਇਹ ਸੜਕਾਂ ਹੋਰ ਬਦਤਰ ਹੋ ਗਈਆਂ ਹਨ। ਇਨ੍ਹਾਂ ਸੜਕਾਂ ’ਤੇ ਮੀਂਹ ਦਾ ਪਾਣੀ ਕਈ ਕਈ ਦਿਨ ਜਮ੍ਹਾਂ ਰਹਿੰਦਾ ਹੈ ਅਤੇ ਕਈ ਪਿੰਡਾਂ ਵਿੱਚ ਖੱਡਾਂ ਦੇ ਪਾਣੀ ਨਾਲ ਇਹ ਸੜਕਾਂ ਹੜ੍ਹ ਜਾਂਦੀਆਂ ਹਨ ਅਤੇ ਕਈ ਪਿੰਡਾਂ ਦਾ ਆਪਸੀ ਸੰਪਰਕ ਵੀ ਟੁੱਟਿਆ ਰਹਿੰਦਾ ਹੈ। ਕਈ ਪਿੰਡਾਂ ਵਿੱਚ ਵੱਡੇ ਵੱਡੇ ਫਾਰਮ ਮਾਲਕਾਂ ਵਲੋਂ ਆਪਣੇ ਖੇਤਾਂ ਵਿੱਚ ਮਿੱਟੀ ਦੇ ਉੱਚੇ ਬੰਨ੍ਹ ਲਾ ਲਏ ਗਏ ਹਨ, ਜਿਸ ਨਾਲ ਖੱਡਾਂ ਦਾ ਪਾਣੀ ਆਪਣੇ ਕੁਦਰਤੀ ਰਸਤੇ ਨੂੰ ਛੱਡ ਕੇ ਸੜਕਾਂ ’ਤੇ ਛੋਟੇ ਕਿਸਾਨਾਂ ਦੇ ਖੇਤਾਂ ਨੂੰ ਬਰਬਾਦ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਸਥਾਨਕ ਸ਼ਹਿਰ ਤੋਂ ਜੇਜੋਂ ਦੁਆਬਾ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੜਕ ਦੀ ਹਾਲਤ ਬੇਹੱਦ ਖਰਾਬ ਹੈ। ਪਿੰਡ ਭੱਜਲਾਂ ਕੋਲ ਸੜਕ ਦੇ ਬਰਮ ਟੁੱਟ ਚੁੱਕੇ ਹਨ ਜਦਕਿ ਰਾਮਪੁਰ, ਬਿਲੜੋਂ, ਗੱਜਰ ਤੇ ਮਹਿਦੂਦ ਕੋਲ ਖੱਡਾਂ ਦੇ ਪਾਣੀ ਨਾਲ ਸੜਕ ਦਾ ਨਾਮੋ ਨਿਸ਼ਾਨ ਮਿਟ ਚੁੱਕਾ ਹੈ। ਇਸੇ ਤਰ੍ਹਾਂ ਭਾਰੀ ਮੀਂਹ ਕਾਰਨ ਚੱਲੀ ਖੱਡ ਨਾਲ ਮਾਹਿਲਪੁਰ ਦੇ ਪਹਾੜੀ ਪਿੰਡ ਕਾਂਗੜ ਕੋਠੀ ਅਤੇ ਖੰਨੀ ਲਲਵਾਨ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਤਬਾਹ ਹੋ ਗਈ। ਇਨ੍ਹਾਂ ਸੜਕਾਂ ਦੀ ਮੁਰੰਮਤ ਸਬੰਧੀ ਕੋਈ ਕਦਮ ਨਾ ਚੁੱਕਣ ਕਰਕੇ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਪੱਖੋਵਾਲ ਤੋਂ ਕੁੱਕੜਾਂ, ਸੈਲਾ ਤੋਂ ਪੈਂਸਰਾ, ਮਾਹਿਲਪੁਰ ਤੋਂ ਕਹਾਰਪੁਰ, ਸੈਲਾ ਤੋਂ ਜੱਸੋਵਾਲ, ਖੜੌਦੀ ਤੋਂ ਖੈਰੜ, ਚੱਬੇਵਾਲ ਤੋਂ ਬਸੀ ਸਮੇਤ ਗੜ੍ਹਸ਼ੰਕਰ ਤੋਂ ਬਿਸਤ ਦੁਆਬ ਨਹਿਰ ਦੇ ਨਾਲ ਨਾਲ ਕੋਟ ਫਤੂਹੀ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨੇ ਲੋਕਾਂ ਦਾ ਲਾਂਘਾ ਪ੍ਰਭਾਵਿਤ ਕੀਤਾ ਹੋਇਆ ਹੈ।
ਖਸਤਾ ਹਾਲ ਸੜਕਾਂ ਦੀ ਦਸ਼ਾ ਸੁਧਾਰੀ ਜਾਵੇਗੀ: ਅਧਿਕਾਰੀ
ਵਿਭਾਗ ਦੇ ਐਕਸੀਅਨ ਕਮਲ ਨੈਣ ਨੇ ਕਿਹਾ ਕਿ ਬਰਸਾਤ ਕਾਰਨ ਮੁਰੰਮਤ ਦਾ ਕੰਮ ਬੰਦ ਹੋ ਜਾਂਦਾ ਹੈ ਅਤੇ ਜਲਦੀ ਹੀ ਖਸਤਾ ਹਾਲ ਸੜਕਾਂ ਦੀ ਦਸ਼ਾ ਸੁਧਾਰੀ ਜਾਵੇਗੀ।